Sunday, 23 October 2011

ਪਰਾਲੀ ਦੇ ਧੂੰਏ ਨੇ ਸਤਾਈ, ਪੰਜਾਬ ਦੀ ਲੋਕਾਈ

ਮੋਹਿਤ ਵਰਮਾ,
ਬਠਿੰਡਾ।

ਹਰ ਛੇ ਮਹੀਨਿਆਂ ਬਾਅਦ ਧਰਤੀ ਮਾਂ ਦੀ ਹਿੱਕ 'ਤੇ ਭਾਂਬੜ ਬਾਲੇ ਜਾਂਦੇ ਹਨ। ਫਸਲ ਦੀ ਕਟਾਈ ਤੋਂ ਬਾਅਦ ਧਰਤੀ ਮਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਇਸ ਵਾਰ ਵੀ ਪੰਜਾਬ ਦੇ ਜ਼ਿਆਦਾਤਰ ਖੇਤਾਂ 'ਚ ਝੋਨੇ ਦੀ ਕਟਾਈ ਦਾ ਕੰਮ ਨੇਪਰੇ ਚੜ• ਗਿਆ ਹੈ ਅਤੇ ਬਹੁਤ ਹੀ ਥੋੜ•ੇ ਖੇਤ ਹੋਣਗੇ ਜਿੰਨ•ਾਂ ਵਿੱਚ ਕਟਾਈ ਦਾ ਕੰਮ ਬਾਕੀ ਹੈ ਜਾਂ ਅਜੇ ਵੀ ਚੱਲ ਰਿਹਾ ਹੈ। ਝੋਨੇ ਦੀ ਕਟਾਈ ਤੋਂ ਬਾਅਦ ਪਿੱਛੇ ਬਚੀ 'ਪਰਾਲੀ' ਕਿਸਾਨਾਂ ਲਈ ਸਿਰਦਰਦੀ ਦਾ ਕਾਰਨ ਬਣੀ ਹੋਈ ਹੈ। ਬਹੁਤੇ ਕਿਸਾਨਾਂ ਵੱਲੋਂ ਪਰਾਲੀ ਨੂੰ ਖੇਤ ਵਿੱਚ ਹੀ ਅੱਗ ਲਗਾ ਦਿੱਤੀ ਜਾਂਦੀ ਹੈ ਜੋ ਕਿ ਬਹੁਤ ਹੀ ਖਤਰਨਾਕ ਰੁਝਾਨ ਹੈ। ਇਸ ਨਾਲ ਜਿੱਥੇ ਵਾਤਾਵਰਣ ਨੂੰ ਨੁਕਸਾਨ ਪਹੁੰਚਦਾ ਹੈ ਉÎÎÎੱਥੇ ਹੀ ਇਸਦਾ ਮਨੁੱਖੀ ਸਿਹਤ ਅਤੇ ਖੇਤਾਂ ਦੀ ਉਪਜਾਊ ਸ਼ਕਤੀ 'ਤੇ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਝੋਨੇ ਦੀ ਪਰਾਲੀ ਨੂੰ ਜਲਾਉਣ ਨਾਲ ਅਣਗਿਣਤ ਜ਼ਹਿਰੀਲੀਆਂ ਗੈਸਾਂ ਨਿੱਕਲਦੀਆਂ ਹਨ, ਜਿੰਨਾਂ ਕਾਰਨ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਪਰਾਲੀ ਜਲਾਉਣ ਉਪਰੰਤ ਪੈਦਾ ਹੋਇਆ ਧੂੰਆ ਕਈ ਨਾ-ਮੁਰਾਦ ਬਿਆਰੀਆਂ ਨੂੰ ਜਨਮ ਦੇ ਰਿਹਾ ਹੈ। ਇਸ ਜ਼ਹਿਰੀਲੇ ਧੂੰਏ ਕਾਰਨ ਚਮੜੀ, ਸਾਹ ਅਤੇ ਅੱਖਾਂ ਦੀਆਂ ਕਈ ਖਤਰਨਾਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਇਸ ਧੂੰਏ ਵਿੱਚੋਂ ਨਿੱਕਲਦੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਨਾਈਟਰਸ ਆਕਸਾਈਡ ਅਤੇ ਮੀਥੇਨ ਆਦਿ ਜਦੋਂ ਸਾਹ ਕਿਰਿਆ ਰਾਹੀਂ ਸਾਡੇ ਸਰੀਰ ਅੰਦਰ ਜਾਂਦੀਆਂ ਹਨ ਤਾਂ ਇਹ ਸਾਡੇ ਸਰੀਰ 'ਤੇ ਬਹੁਤ ਹੀ ਮਾਰੂ ਅਸਰ ਕਰਦੀਆਂ ਹਨ। ਇਹਨਾਂ ਗੈਸਾਂ 'ਚੋਂ ਸਭ ਤੋਂ ਜ਼ਹਿਰੀਲੀ ਕਾਰਬਨ ਮੋਨੋਆਕਸਾਈਡ ਹੈ, ਜੋ ਸਰੀਰ ਵਿਚਲੀ ਆਕਸੀਜਨ ਨੂੰ ਖਤਮ ਕਰ ਦਿੰਦੀ ਹੈ। ਇਸ ਨਾਲ ਸਾਹ ਸਬੰਧੀ ਰੋਗ ਪੈਦਾ ਹੁੰਦੇ ਹਨ। ਇਹਨਾਂ ਰੋਗਾਂ ਨਾਲ ਸਭ ਤੋਂ ਵੱਧ ਬੱਚੇ ਪ੍ਰਭਾਵਿਤ ਹੁੰਦੇ ਹਨ। ਇੱਕ ਅਨੁਮਾਨ ਅਨੁਸਾਰ 2 ਸਾਲ ਤੋਂ 12 ਸਾਲ ਤੱਕ ਦੀ ਉਮਰ ਦੇ 20 ਫੀਸਦੀ ਸ਼ਹਿਰੀ ਅਤੇ 10 ਫੀਸਦੀ ਪੇਂਡੂ ਬੱਚੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਹਨ। ਪਿਛਲੇ 15 ਸਾਲਾਂ ਦੌਰਾਨ ਸਾਹ ਦੀਆਂ ਬਿਮਾਰੀਆਂ ਦੇ ਪੀੜਤਾਂ ਦੀ ਸੰਖਿਆ 50 ਫੀਸਦੀ ਵਧੀ ਹੈ ਜਿੰਨ•ਾਂ ਵਿੱਚੋਂ 77 ਫੀਸਦੀ ਮਾਮਲੇ ਅਜਿਹੇ ਹਨ ਜੋ 5 ਸਾਲ ਦੀ ਉਮਰ ਤੱਕ ਸਾਹ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋਏ ਹਨ। ਉÎÎÎੱਤਰੀ ਭਾਰਤ ਦੀ ਲਗਭਗ 20 ਫੀਸਦੀ ਆਬਾਦੀ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਹੈ। ਝੋਨੇ ਦੀ ਪਰਾਲੀ ਨੂੰ ਸਾੜਨ ਉਪਰੰਤ ਪੈਦਾ ਹੋਇਆ ਧੂੰਆ ਸਿੱਧਾ ਮਨੁੱਖੀ ਸਾਹ ਪ੍ਰਣਾਲੀ 'ਤੇ ਅਸਰ ਕਰਦਾ ਹੈ। ਇਨਸਾਨ ਨੇ ਆਪਣੀਆਂ ਖੁਦ ਦੀਆਂ ਗਲਤੀਆਂ ਕਾਰਨ 'ਆਖਰੀ ਦਮ' ਤੱਕ ਮਨੁੱਖ ਦੇ ਨਾਲ ਨਿਭਣ ਵਾਲੀ 'ਦਮੇ' ਵਰਗੀ ਬਿਮਾਰੀ ਸਹੇੜ ਲਈ ਹੈ।
ਪਰਾਲੀ ਦਾ ਧੂੰਆ ਕਈ ਜਾਨਲੇਵਾ ਸੜਕ ਹਾਦਸਿਆਂ ਦਾ ਕਾਰਨ ਵੀ ਬਣਦਾ ਹੈ। ਸੜਕ ਕਿਨਾਰੇ ਖੇਤਾਂ ਵਿੱਚ ਪਰਾਲੀ ਜਲਾਉਣ ਕਾਰਨ ਧੂੰਆ ਸੜਕ ਉÎÎÎੱਪਰ ਫੈਲ ਜਾਂਦਾ ਹੈ ਅਤੇ ਆਲੇ ਦੁਆਲੇ ਕੁੱਝ ਵੀ ਨਜ਼ਰ ਆਉਣਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੀ ਸਥਿਤੀ ਤੋਂ ਬਚਣ ਲਈ ਵਾਹਨ ਚਾਲਕ ਤੇਜ਼ੀ ਨਾਲ ਇਸ ਰਸਤੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ ਪ੍ਰੰਤੂ ਸਾਹਮਣਿਓਂ ਆ ਰਹੇ ਵਾਹਨ ਦਿਖਾਈ ਨਾ ਦੇਣ ਕਰਕੇ ਕਈ ਵਾਰ ਜਾਨਲੇਵਾ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ। ਅਜਿਹਾ ਹੀ ਇੱਕ ਦੁਖਦਾਇਕ ਹਾਦਸਾ ਕੁੱਝ ਦਿਨ ਪਹਿਲਾਂ ਰਈਆ ਨੇੜਲੇ ਪਿੰਡ ਕੋਹਾਟਵਿੰਡ ਨੇੜੇ ਵਾਪਰਿਆ ਜਿੱਥੇ ਇੱਕ ਖੇਤ ਵਿੱਚ ਪਰਾਲੀ ਨੂੰ ਅੱਗ ਲਗਾਈ ਹੋਈ ਸੀ। ਸੜਕ ਉÎÎÎੱਪਰ ਧੂੰਆ ਫੈਲਿਆ ਹੋਇਆ ਸੀ। ਅੱਗੇ ਦਾ ਰਸਤਾ ਸਾਫ ਨਾ ਦਿਖਣ ਕਾਰਨ ਇੱਕ ਥ੍ਰੀਵੀਲਰ ਉਸ ਖੇਤ ਵਿੱਚ ਪਲਟ ਗਿਆ ਅਤੇ  ਥ੍ਰੀਵੀਲਰ ਦਾ ਤੇਲ ਡੁੱਲ•ਣ ਕਾਰਨ ਉਸਨੂੰ ਅੱਗ ਲੱਗ ਗਈ। ਇਸੇ ਅੱਗ ਵਿੱਚ ਬੁਰੀ ਤਰਾਂ ਝੁਲਸ ਕੇ ਤਿੰਨ ਮਾਸੂਮ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 5 ਬੱਚੇ ਇਸ ਅੱਗ ਵਿੱਚ ਝੁਲਸ ਗਏ।
ਇੱਕ ਰਿਪੋਰਟ ਅਨੁਸਾਰ ਹਰ ਸਾਲ ਸਾਡੇ ਸੂਬੇ ਦੀ ਤਕਰੀਬਨ 26 ਲੱਖ ਹੈਕਟੇਅਰ ਜ਼ਮੀਨ 'ਤੇ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ ਜਿਸ 'ਚੋਂ ਲਗਭਗ 90 ਫੀਸਦੀ ਜ਼ਮੀਨ ਦੀ ਪਰਾਲੀ ਨੂੰ ਜਲਾ ਦਿੱਤਾ ਜਾਂਦਾ ਹੈ। ਇਸ ਤੋਂ ਨਿੱਕਲਣ ਵਾਲੀਆਂ ਲੱਖਾਂ ਟਨ ਜ਼ਹਿਰੀਲੀਆਂ ਗੈਸਾਂ ਵਾਤਾਵਰਣ ਨੂੰ ਦੂਸ਼ਿਤ ਕਰਦੀਆਂ ਹਨ। ਇਹਨਾਂ ਗੈਸਾਂ ਚੋਂ 70 ਫੀਸਦੀ ਹਿੱਸਾ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਦਾ ਹੁੰਦਾ ਹੈ। ਬਾਕੀ ਬਚਦੇ ਹਿੱਸੇ 'ਚੋਂ 2.09 ਫੀਸਦੀ ਨਾਈਟ੍ਰੇਟ ਆਕਸਾਈਡ, 0.66 ਫੀਸਦੀ ਮੀਥੇਨ ਅਤੇ ਹੋਰ ਗੈਸਾਂ ਨਿੱਕਲਦੀਆਂ ਹਨ। ਇੱਕ ਅਨੁਮਾਨ ਅਨੁਸਾਰ ਹਰ ਸਾਲ ਸੂਬੇ 'ਚ 163 ਲੱਖ ਟਨ ਪਰਾਲੀ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਨਾਲ ਵਾਤਾਵਰਣ ਵਿੱਚ ਜ਼ਹਿਰੀਲੀਆਂ ਗੈਸਾਂ ਦੀ ਮਾਤਰਾ ਬਹੁਤ ਜ਼ਿਆਦਾ ਵਧ ਜਾਂਦੀ ਹੈ। ਪਰਾਲੀ ਸਾੜਨ ਨਾਲ ਵਾਯੂਮੰਡਲ ਵਿੱਚ ਇਹੋ ਜਿਹੀਆਂ ਗੈਸਾਂ ਭਰ ਗਈਆਂ ਹਨ ਜਿੰਨ•ਾਂ ਨੇ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਰੋਕਣ ਲਈ ਬਣੀ ਓਜੋਨ ਪਰਤ ਨੂੰ ਨੁਕਸਾਨ ਪਹੁੰਚਾਇਆ ਹੈ। ਕੁਝ ਸਮਾਂ ਪਹਿਲਾਂ ਓਜੋਨ ਪਰਤ ਵਿੱਚ ਹੋਇਆ ਛੋਟਾ ਜਿਹਾ ਸੁਰਾਖ ਮਘੋਰੇ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਅਤੇ ਇਸ ਮਘੋਰੇ ਨੂੰ ਹੋਰ ਵਧਣ ਤੋਂ ਰੋਕਣਾ ਵਿਗਿਆਨੀਆਂ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸੂਰਜ ਤੋਂ ਆਉਣ ਵਾਲੀਆਂ ਪਰਾਬੈਂਗਣੀ ਕਿਰਨਾਂ ਨੇ ਧਰਤੀ 'ਤੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਕਿਰਨਾਂ ਨੇ ਧਰਤੀ ਉÎÎÎÎੱਪਰਲੇ ਮੌਸਮ ਅਤੇ ਵਾਯੂਮੰਡਲ ਵਿੱਚ ਭਾਰੀ ਤਬਦੀਲੀਆਂ ਲਿਆਂਦੀਆਂ ਅਤੇ ਵਾਤਾਵਰਣ ਵਿੱਚ ਸਾਵਾਂਪਣ ਖਤਮ ਕਰ ਦਿੱਤਾ ਹੈ ਜਿਸਦੇ ਸਿੱਟੇ ਵਜੋਂ ਤਾਪਮਾਨ ਵਿੱਚ ਭਾਰੀ ਵਾਧਾ ਹੋਇਆ। ਭੂ ਵਿਗਿਆਨੀਆਂ ਅਨੁਸਾਰ ਗਰਮੀ ਵਧਣ ਕਾਰਨ ਕਿਸਾਨਾਂ ਦੇ ਮਿੱਤਰ ਕੀੜੇ, ਪਤੰਗੇ ਅਤੇ ਬੈਕਟੀਰੀਆ ਮਰ ਜਾਂਦੇ ਹਨ। ਜਿਸ ਕਾਰਨ ਧਰਤੀ ਹੇਠਲੀ ਕੁਦਰਤੀ ਖਾਦ ਬਣਨੀ ਬੰਦ ਹੋ ਜਾਂਦੀ ਹੈ ਅਤੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਭਾਰੀ ਖੋਰਾ ਲੱਗਦਾ ਹੈ। ਉਪਜਾਊ ਸ਼ਕਤੀ ਘੱਟ ਹੋਣ ਕਾਰਨ ਕਿਸਾਨਾਂ ਨੂੰ ਫਸਲਾਂ ਉÎÎÎÎੱਪਰ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਪੈਂਦੀ ਹੈ ਜੋ ਉਹਨਾਂ ਦੀ 'ਜੇਬ•' 'ਤੇ ਭਾਰੀ ਪੈਣ ਲੱਗਾ ਹੈ। ਇਸ ਤੋਂ ਇਲਾਵਾ ਗਰਮੀ ਵਧਣ ਨਾਲ ਪੱਤੇ ਝੁਲਸ ਜਾਂਦੇ ਹਨ ਅਤੇ ਹਰਿਆ-ਭਰਿਆ ਵਾਤਾਵਰਣ ਨਸ਼ਟ ਹੋ ਜਾਂਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਕਾਂ, ਗਿਰਝਾਂ ਤੇ ਇੱਲ•ਾਂ ਖਤਮ ਹੋ ਗਈਆਂ ਹਨ ਜਾਂ ਹੌਲੀ-ਹੌਲੀ ਖਾਤਮੇ ਵੱਲ ਵਧ ਰਹੇ ਹਨ। ਰੁੱਤਾਂ ਅਤੇ ਮੌਸਮਾਂ ਵਿੱਚ ਅਸੰਤੁਲਨ ਦੇ ਸਿੱਟੇ ਵਜੋਂ ਬਾਰਸ਼ਾਂ ਦੇ ਸਮੇਂ ਬਦਲ ਗਏ।
ਪਰਾਲੀ ਨੂੰ ਨਸ਼ਟ ਕਰਨਾ ਕਿਸਾਨਾਂ ਲਈ 'ਘਰ ਫੂਕ ਤਮਾਸ਼ਾ ਦੇਖਣ' ਸਮਾਨ ਹੈ। ਪਰਾਲੀ ਇਕੱਠੀ ਕਰ ਕੇ ਸੰਭਾਲਣ 'ਤੇ 2 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਕਰੀਬ ਖਰਚਾ ਆਉਂਦਾ ਹੈ ਜੋ ਕਿ ਮੰਦੀ ਆਰਥਿਕਤਾ ਦੇ ਚੱਲਦਿਆਂ ਕਿਸਾਟਾ ਦੇ ਵੱਸ ਦਾ ਰੋਗ ਨਹੀਂ ਹੈ। ਫਸਲ ਕੱਟਣ ਉਪਰੰਤ ਪਿੱਛੇ ਬਚੀ ਪਰਾਲੀ ਬਹੁਤ ਸਖਤ ਹੁੰਦੀ ਹੈ ਅਤੇ ਇਸ ਦੀ ਵਾਹੀ ਕਰਨੀ ਬਹੁਤ ਹੀ ਔਖੀ ਅਤੇ ਖਰਚੀਲੀ ਹੈ। ਪਰਾਲੀ ਨਸ਼ਟ ਕਰਨ ਲਈ ਹਜ਼ਾਰਾਂ ਰੁਪਏ ਦਾ ਡੀਜ਼ਲ ਫੂਕਣਾ ਪੈਦਾ ਹੈ। ਇਸ ਤੋਂ ਇਲਾਵਾ ਜੋ 'ਕਰੜੀ ਮਸ਼ੱਕਤ' ਕਰਨੀ ਪੈਂਦੀ ਹੈ ਉਹ ਅਲੱਗ ਹੈ। ਇਸ ਝੰਜਟ ਤੋਂ ਬਚਣ ਲਈ ਕਿਸਾਨ ਪਰਾਲੀ ਨੂੰ ਅੱਗ ਲਗਾਉਣਾ ਹੀ ਬਿਹਤਰ ਸਮਝਦੇ ਹਨ। ਪਰਾਲੀ ਨੂੰ ਜਲਾਉਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਸਨੂੰ ਕੱਟਣ ਵਾਲੀ ਮਸ਼ੀਨ ਬਹੁਤ ਮਹਿੰਗੀ ਜੋ ਕਿ ਮੱਧ ਵਰਗੀ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੈ।
ਪਰਾਲੀ ਜਲਾਉਣ ਤੇ ਰੋਕ ਲਗਾਉਣ ਲਈ ਸਰਕਾਰ ਪੂਰੀ ਤਰਾਂ ਗੰਭੀਰ ਨਹੀਂ ਹੈ ਜਿਸ ਕਾਰਨ ਕਿਸਾਨ ਹਰ ਸਾਲ ਆਪਣੀ ਮਨਮਰਜ਼ੀ ਕਰਦੇ ਹਨ ਅਤੇ ਪਰਾਲੀ ਨੂੰ ਖੇਤਾਂ ਵਿੱਚ ਹੀ ਅੱਗ ਲਗਾ ਦਿੰਦੇ ਹਨ। ਹਰ ਸਾਲ ਹਜ਼ਾਰਾਂ ਏਕੜ ਪਰਾਲੀ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਕੋਈ ਠੋਸ ਕਾਰਵਾਈ ਕਰਨ ਦੀ ਬਜਾਏ ਮੂਕ ਦਰਸ਼ਕ ਬਣੇ ਦੇਖਦੇ ਰਹਿੰਦੇ ਹਨ। ਸਰਕਾਰਾਂ ਕਾਨੂੰਨ ਬਣਾਉਂਦੀਆਂ ਹਨ, ਪ੍ਰਦੂਸ਼ਣ ਰੋਕੂ ਬੋਰਡਾਂ ਦੀ ਸਥਾਪਨਾ ਵੀ ਕੀਤੀ ਜਾਂਦੀ ਹੈ ਪਰ ਇਹ ਬੋਰਡ ਵੀ ਕਾਗਜਾਂ ਦੀ ਢਿੱਡ ਭਰਨ ਦੀ ਬਜਾਏ ਕੁੱਝ ਨਹੀਂ ਕਰਦੇ। ਪ੍ਰਸ਼ਾਸ਼ਨਿਕ ਅਧਿਕਾਰੀ ਸੂਬੇ ਵਿੱਚ ਧਾਰਾ 144 ਲਗਾ ਕੇ ਪੱਲਾ ਛੁੜਾ ਲੈਂਦੇ ਹਨ। ਪਰਾਲੀ ਸਾੜਨ ਵਾਲਿਆਂ ਖਿਲਾਫ ਕੋਈ ਮੁਕੱਦਮਾ ਦਰਜ ਨਹੀਂ ਕੀਤਾ ਜਾਂਦਾ ਅਤੇ ਜੇਕਰ ਕੋਈ ਕਰ ਵੀ ਲਿਆ ਜਾਵੇ ਤਾਂ ਉਸ ਉÎÎÎੱਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਉਸਦੀ ਫਾਈਲ ਵਕਤ ਦੀ ਧੂੜ ਵਿੱਚ ਗੁੰਮ ਹੋ ਕੇ ਰਹਿ ਜਾਂਦੀ ਹੈ। ਪਰਾਲੀ ਜਲਾਉਣ ਵਾਲੇ ਕਿਸਾਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪਿੰਡਾਂ-ਸ਼ਹਿਰਾਂ 'ਚ ਜਾਗਰੂਕਤਾ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਪਰਾਲੀ ਜਲਾਉਣ ਨਾਲ ਹੋਣ ਵਾਲੇ ਨੁਕਸਾਨਾਂ ਪ੍ਰਤੀ ਸੁਚੇਤ ਕੀਤਾ ਜਾਵੇ ਤਾਂ ਜੋ ਪਰਾਲੀ ਦੇ ਧੂੰਏ ਕਾਰਨ ਵਾਤਾਵਰਣ ਅਤੇ ਮਨੁੱਖਤਾ ਦੇ ਹੋ ਰਹੇ ਨੁਕਸਾਨ ਨੂੰ ਬੰਦ ਕੀਤਾ ਜਾ ਸਕੇ। ਇਸ ਲਈ ਸਮਾਜ ਸੇਵੀ ਜਥੇਬੰਦੀਆਂ ਅਤੇ ਸਰਕਾਰ ਨੂੰ ਇੱਕਮੁੱਠ ਹੋ ਕੇ ਕੰਮ ਕਰਨਾ ਪਵੇਗਾ। ਸਿਰਫ ਕਾਗਜ਼ੀ ਕਾਰਵਾਈਆਂ ਕਰਨ ਦੀ ਬਜਾਏ ਲੋਕਾਂ ਨੂੰ ਸਮਝਾਇਆ ਜਾਵੇ ਕਿ ਤੁਹਾਡਾ ਅਤੇ ਤੁਹਾਡੀ ਆਉਣ ਵਾਲੀ ਪੀੜ•ੀ ਦਾ ਭਵਿੱਖ ਕਿੰਨਾ ਖਤਰਨਾਕ ਹੈ। ਸਾਨੂੰ ਆਪਣੇ ਸੌੜੇ ਹਿੱਤਾਂ ਨੂੰ ਤਿਆਗ ਕੇ ਇੱਕਮੁੱਠ ਹੋ ਕੇ ਕੰਮ ਕਰਨਾ ਪਵੇਗਾ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕਿਸਾਨਾ ਦੀ ਮਜਬੂਰੀ ਸਮਝੇ ਅਤੇ ਕੋਈ ਅਜਿਹਾ ਤਰੀਕਾ ਅਖਤਿਆਰ ਕਰੇ ਜਿਸ ਨਾਲ ਕਿਸਾਨ ਕਿਸੇ ਡਰ ਦੀ ਥਾਂ ਖੁਸ਼ੀ ਨਾਲ ਪਰਾਲੀ ਨਾ ਸਾੜਨ ਦੇ ਵਿਚਾਰ ਨੂੰ ਅਪਣਾ ਲੈਣ।
ਅੰਤ ਮੈਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਉਹ ਆਪਣਾ ਫਰਜ਼ ਪਛਾਨਣ ਅਤੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ 'ਚ ਆਪਣਾ ਸਹਿਯੋਗ ਦੇਣ ਤਾਂ ਕਿ ਆਉਣ ਵਾਲੀਆਂ ਪੀੜ•ੀਆਂ ਸਿਹਤਮੰਦ ਜਿੰਦਗੀ ਜੀਅ ਸਕਣ ਕਿਉਂਕਿ ਜੇਕਰ ਅਸੀਂ ਦੇਸ਼ ਨੂੰ ਸੋਨੇ ਦੀ ਚਿੜੀ ਤਾਂ ਬਣਾ ਲਿਆ ਪਰ ਉਹ ਚਿੜੀ ਸਿਹਤਮੰਦ ਹੀ ਨਾ ਹੋਈ ਤਾਂ ਫਿਰ ਅਜਿਹੀ ਚਿੜੀ ਦਾ ਕੀ ਫਾਇਦਾ। ਇਸ ਲਈ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਗਾਉਣ ਦੇ ਰੁਝਾਨ ਨੂੰ ਠੱਲ• ਪਾ ਕੇ ਪ੍ਰਦੂਸ਼ਣ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਸਾਡਾ ਅਤੇ ਸਾਡੀਆਂ ਆਉਣ ਵਾਲੀਆਂ ਪੀੜ•ੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।

Tuesday, 27 September 2011

ਭਗਤ ਸਿੰਘ ਦੇ ਸੁਪਨਿਆਂ ਦੇ ਉਲਟ ਪੰਜਾਬ ਦਾ ਕਰੂਪ ਚਿਹਰਾ

ਮੋਹਿਤ ਵਰਮਾ,
ਬਠਿੰਡਾ।

ਹਰ ਸਾਲ 28 ਸਤੰਬਰ ਨੂੰ ਪੂਰੇ ਦੇਸ਼ ਵਿੱਚ ਮਹਾਨ ਕ੍ਰਾਂਤੀਕਾਰੀ ਸ਼ਹੀਦ¸ਏ¸ਆਜਮ ਸ੍ਰ: ਭਗਤ ਸਿੰਘ ਦਾ ਜਨਮ ਦਿਹਾੜਾ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਬਹੁਤ ਸਾਰੇ ਭਾਰਤ ਵਾਸੀ ਇਸ ਮਹਾਨ ਯੋਧੇ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਅਤੇ ਊਸਦੇ ਪਾਏ ਪੂਰਨਿਆ ਤੇ ਚੱਲਣ ਦਾ ਪ੍ਰਣ ਵੀ ਲੈਂਦੇ ਹਨ ਪਰ ਭਗਤ ਸਿੰਘ ਨੇ ਆਰਥਿਕ ਨਾ¸ਬਰਾਬਰੀ, ਜਾਤਪਾਤ, ਫਿਰਕਾਪ੍ਰਸਤੀ ਅਤੇ ਭ੍ਰਿਸ਼ਟਾਚਾਰ ਰਹਿਤ ਜਿਸ ਭਾਰਤ ਦੀ ਕਲਪਨਾ ਕੀਤੀ ਸੀ, ਉਸਨੂੰ ਪੂਰਾ ਕਰਨ ਵਿੱਚ ਸਾਰੇ ਭਾਰਤ ਵਾਸੀ ਅਸਫਲ ਰਹੇ ਹਨ। ਅੱਜ ਸਾਡੇ ਸਮਾਜ ਅੰਦਰ ਭਰੂਣ ਹੱਤਿਆ, ਨਸ਼ੇ, ਦਾਜ ਦਹੇਜ, ਭ੍ਰਿਸ਼ਟਾਚਾਰ ਵਰਗੀਆਂ ਕੁਝ ਅਜਿਹੀਆਂ ਬੁਰਾਈਆਂ ਘਰ ਕਰ ਗਈਆਂ ਹਨ ਜਿੰਨ•ਾਂ ਬਾਰੇ ਕਦੇ ਭਗਤ ਸਿੰਘ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ। ਸਾਡੇ ਦੇਸ਼ ਅੰਦਰ ਮਨੁੱਖੀ ਕਦਰਾਂ ਕੀਮਤਾਂ ਖੇਰੂੰ¸ਖੇਰੂੰ ਹੋ ਰਹੀਆਂ ਹਨ। ਅੱਜ ਪੁੱਤ ਆਪਣੇ ਪਿਓ ਨੂੰ ਵੱਢ ਰਿਹਾ ਹੈ। ਭਰਾ ਆਪਣੇ ਭਰਾ ਦਾ ਕਤਲ ਕਰ ਰਿਹਾ ਹੈ। ਇੱਕ ਪਤੀ, ਜਿਸਨੇ ਆਪਣੀ ਪਤਨੀ ਦੇ ਹਰੇਕ ਸੁੱਖ ਦੁੱਖ ਵਿੱਚ ਉਸਦਾ ਸਾਥ ਦੇਣ ਦਾ ਵਾਅਦਾ ਕੀਤਾ ਹੁੰਦਾ ਹੈ, ਉਸਦਾ ਹੀ ਕਤਲ ਕਰ ਰਿਹਾ ਹੈ। ਸਾਡੇ ਸਮਾਜ ਦੀ ਕਿੰਨੀ ਵੱਡੀ ਤਰਾਸਦੀ ਹੈ ਕਿ  ਕਈ ਨੌਜਵਾਨ ਆਪਣੇ ਮਾਂ¸ਪਿਓ ਦਾ ਕਤਲ ਤੱਕ ਕਰ ਰਹੇ ਹਨ। ਬਹੁਤ ਸਾਰੇ ਨੌਜਵਾਨ ਅੱਜ ਸਮਾਜ ਵਿਰੋਧੀ ਕੰਮਾਂ ਨੂੰ ਅੰਜਾਮ ਦੇ ਰਹੇ ਹਨ।
ਪੁਰਾਤਨ ਸਮੇਂ ਵਿੱਚ ਪੰਜਾਬ ਦੀਆਂ ਧੀਆਂ ਭੈਣਾਂ ਵੱਲ ਅੱਖ ਚੱਕ ਕੇ ਦੇਖਣ ਵਾਲਿਆਂ ਨੂੰ ਐਸਾ ਸਬਕ ਸਿਖਾਇਆ ਜਾਂਦਾ ਸੀ ਕਿ ਉਸਦੀਆਂ ਆਉਣ ਵਾਲੀਆਂ ਸੱਤ ਪੁਸ਼ਤਾਂ ਚੇਤੇ ਰੱਖਦੀਆਂ ਸਨ। ਪਰ ਪਿਛਲੇ ਕੁੱਝ ਸਮੇਂ ਦੌਰਾਨ ਔਰਤਾਂ ਪ੍ਰਤੀ ਵਧ ਰਹੀਆਂ ਹਿੰਸਕ ਵਾਰਦਾਤਾਂ ਨੇ ਸਮੁੱਚੀ ਮਾਨਵਤਾ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ। ਕੁੱਝ ਸਮਾਂ ਪਹਿਲਾਂ ਬਠਿੰਡਾ ਜ਼ਿਲ•ੇ ਦੇ ਇੱਕ ਪਿੰਡ ਬੁਰਜ ਥਰੋੜ ਵਿੱਚ ਵਾਪਰੀ ਇੱਕ ਘਟਨਾ ਨੇ ਸਾਰੇ ਸਮਾਜ ਨੂੰ ਕੱਖੋਂ ਹੌਲੇ ਕਰ ਦਿੱਤਾ। ਇੱਥੇ ਇੱਕ ਔਰਤ ਨੂੰ ਦਰੱਖਤ ਨਾਲ ਬੰਨ• ਕੇ ਜਿੰਦਾ ਜਲਾ ਦਿੱਤਾ ਗਿਆ ਤੇ ਬਾਅਦ ਵਿੱਚ ਉਸਦੀ ਗਲੀ ਸੜੀ ਲਾਸ਼ ਨੂੰ ਕੁੱਤਿਆਂ ਵੱਲੋਂ ਬੇਰਹਿਮੀ ਨਾਲ ਨੋਚ ਕੇ ਖਾਧਾ ਗਿਆ। ਇਹ ਘਟਨਾ ਬਹੁਤ ਸਾਰੇ ਅਖਬਾਰਾਂ ਦੀ ਸੁਰਖੀ ਵੀ ਬਣੀ ਪਰ ਕੋਈ ਅੱਖ ਸ਼ਰਮ ਨਾਲ ਨਾ ਰੋਈ। ਇਸ ਸਾਰੇ ਘਟਨਾਕ੍ਰਮ ਵਿੱਚ ਭਾਵੇਂ ਉਸ ਔਰਤ ਦਾ ਚਾਹੇ ਕੁੱਝ ਵੀ ਕਸੂਰ ਹੋਵੇ ਪਰ ਔਰਤਾਂ ਨਾਲ ਇਹੋ ਜਿਹਾ ਵਿਵਹਾਰ ਕਰਨਾ ਕਦੇ ਵੀ ਸਾਡੀ ਸੰਸਕ੍ਰਿਤੀ ਜਾਂ ਸਮਾਜ ਦਾ ਹਿੱਸਾ ਨਹੀਂ ਰਿਹਾ। ਇਹੋ ਜਿਹੀਆਂ ਘਟਨਾਵਾਂ ਨਾਲ ਕਿਸੇ ਹੋਰ ਨੂੰ ਫਰਕ ਪਵੇ ਜਾਂ ਨਾਂ ਪਵੇ ਪਰ ਭਗਤ ਸਿੰਘ ਦੀ ਆਤਮਾ ਨੂੰ ਠੇਸ ਜਰੂਰ ਪਹੁੰਚਦੀ ਹੋਵੇਗੀ ਕਿਉਂਕਿ ਉਸਨੇ ਕਦੇ ਅਜਿਹਾ ਪੰਜਾਬ ਸਿਰਜਣ ਦੀ ਕਲਪਨਾ ਨਹੀਂ ਸੀ ਕੀਤੀ।
ਸਾਡੇ ਰਾਜਨੇਤਾਵਾਂ ਵੱਲੋਂ ਆਰਥਿਕ ਬਰਾਬਰੀ ਦੀਆਂ ਗੱਲਾਂ ਜੋਰ ਸ਼ੋਰ ਨਾਲ ਕੀਤੀਆਂ ਜਾਂਦੀਆਂ ਹਨ ਪਰ ਇਸ ਸਭ ਦੇ ਬਾਵਜੂਦ ਮਜ਼ਦੂਰ ਵਰਗ ਦੀ ਸਥਿਤੀ ਤਰਸਯੋਗ ਬਣੀ ਹੋਈ ਹੈ। ਹਰ ਰੋਜ ਲੇਬਰ ਚੌਂਕਾਂ ਵਿੱਚ ਮਨੁੱਖਾਂ ਦੀ ਬੋਲੀ ਲੱਗਦੀ ਹੈ। ਕੋਈ ਮਜ਼ਦੂਰ ਜਦੋਂ ਸਵੇਰ ਵੇਲੇ ਘਰੋਂ ਕੰਮ ਲੱਭਣ ਜਾਂਦਾ ਹੈ ਤਾਂ ਪਿੱਛੋਂ ਉਸਦਾ ਸਾਰਾ ਪਰਿਵਾਰ ਕੰਮ ਮਿਲਣ ਦੀ ਅਰਦਾਸ ਕਰਦਾ ਹੈ ਤਾਂ ਜੋ ਸ਼ਾਮ ਨੂੰ ਢਿੱਡ ਭਰਵੀਂ ਰੋਟੀ ਖਾ ਸਕਣ। ਉਸ ਮਜ਼ਦੂਰ ਦੇ ਬੱਚੇ ਬੱਦਲ ਗਰਜਦੇ ਦੇਖ ਕੇ 'ਬੱਦਲਾ ਬੱਦਲਾ ਮੀਂਹ ਵਰਸਾ' ਨਹੀਂ ਬੋਲਦੇ ਕਿਉਂਕਿ ਉਹ ਜਾਣਦੇ ਹਨ ਕਿ ਜੇਕਰ ਮੀਂਹ ਪੈ ਗਿਆ ਤਾਂ ਉਸਦੇ ਪਿਤਾ ਨੂੰ ਕੰਮ ਨਹੀਂ ਮਿਲਣਾ ਅਤੇ ਜੇਕਰ ਕੰਮ ਨਾ ਮਿਲਿਆ ਤਾਂ ਸ਼ਾਮ ਨੂੰ ਉਹਨਾਂ ਦੇ ਚੁੱਲ•ੇ ਅੱਗ ਨਹੀਂ ਪਵੇਗੀ। ਇਹ ਦਾਸਤਾਨ ਇਕੱਲੇ ਮਜ਼ਦੂਰ ਵਰਗ ਦੀ ਨਹੀਂ। ਅਜਿਹੇ ਹੋਰ ਵੀ ਸੈਂਕੜੇ ਵਿਅਕਤੀ ਹਨ ਜਿੰਨ•ਾਂ ਦੇ ਦਿਨ ਤਿਉਹਾਰ ਢਿੱਡ ਭਰਨ ਦੇ ਫਿਕਰਾਂ ਵਿੱਚ ਗੁੰਮ ਹੋ ਰਹੇ ਹਨ।
ਭਗਤ ਸਿੰਘ ਦੇ ਸੁਪਨਿਆਂ ਦੇ ਪੰਜਾਬ ਵਿੱਚ ਏਸ ਵੇਲੇ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਤੇ ਵੱਡੀ ਗਿਣਤੀ ਵਿੱਚ ਨੌਜਵਾਨ ਇਸ ਦਰਿਆ ਵਿੱਚ ਡੁੱਬ ਕੇ ਚੜ•ਦੀ ਵਰੇਸ ਇਸ ਦੁਨੀਆਂ ਨੂੰ ਅਲਵਿਦਾ ਆਖ ਰਹੇ ਹਨ। ਇੱਕ ਸਰਵੇਖਣ ਅਨੁਸਾਰ ਏਸ ਵੇਲੇ ਪੰਜਾਬ ਦੇ 18 ਤੋਂ 30 ਸਾਲ ਤੱਕ ਦੀ ਉਮਰ ਦੇ 71 ਫੀਸਦੀ ਨੌਜੁਆਨ ਨਸ਼ਿਆਂ 'ਚ ਡੁੱਬ ਚੁੱਕੇ ਹਨ ਅਤੇ ਇਹ ਪ੍ਰਭਾਵ ਸਰਹੱਦੀ ਇਲਾਕਿਆਂ ਵਿੱਚ ਸਭ ਤੋਂ ਵੱਧ ਦੇਖਣ ਨੂੰ ਮਿਲਦਾ ਹੈ। ਸਰਹੱਦੀ ਇਲਾਕਿਆਂ ਦੇ ਨਸ਼ੇੜੀਆਂ ਦੀ ਕੁੱਲ ਗਿਣਤੀ ਵਿੱਚੋਂ 77 ਫੀਸਦੀ ਨੌਜਵਾਨ ਅਜਿਹੇ ਹਨ ਜਿੰਨ•ਾਂ ਨੇ 18 ਸਾਲ ਤੋਂ ਘੱਟ ਦੀ ਉਮਰ ਵਿੱਚ ਹੀ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਨਸ਼ਿਆਂ ਦੀ ਨਾਮੁਰਾਦ ਬਿਮਾਰੀ ਲੜਕੀਆਂ ਵਿੱਚ ਵੀ ਤੇਜੀ ਨਾਲ ਪੈਰ ਪਸਾਰ ਰਹੀ ਹੈ। ਪੰਜਾਬ ਵਿੱਚ 48 ਫੀਸਦੀ ਔਰਤਾਂ ਅਜਿਹੀਆਂ ਹਨ ਜੋ ਨਸ਼ੇ ਦੀਆਂ ਆਦੀ ਹੋ ਚੁੱਕੀਆਂ ਹਨ। ਸ਼ਹਿਰੀ ਖੇਤਰ ਦੀਆਂ 30 ਫੀਸਦੀ ਮੁਟਿਆਰਾਂ 'ਸੂਟੇ' ਲਾਉਣ ਦੀਆਂ ਆਦੀ ਹਨ। ਇਸ ਤੋਂ ਇਲਾਵਾ ਸ਼ਰਾਬ, ਤੰਬਾਕੂ, ਅਫੀਮ, ਚਰਸ ਆਦਿ ਨਸ਼ਿਆਂ ਦੀ ਵਰਤੋਂ ਵੀ ਲੜਕੀਆਂ ਵਧ ਚੜ• ਕੇ ਕਰਦੀਆਂ ਹਨ।
ਸਾਡਾ ਸੂਬਾ ਇਸ ਵੇਲੇ ਇੱਕ ਹੋਰ ਸਮਾਜਿਕ ਸੰਕਟ ਦੇ ਕੰਢੇ ਖੜ•ਾ ਹੈ। ਪੰਜਾਬ ਵਿੱਚ ਲੜਕੇ¸ਲੜਕੀ ਵਿਚਲਾ ਪਾੜਾ ਐਨਾ ਵਧ ਚੁੱਕਾ ਹੈ ਜਿਸਨੂੰ ਆਉਣ ਵਾਲੇ ਕਈ ਸਾਲਾਂ ਦੌਰਾਨ ਨਹੀਂ ਪੂਰਿਆ ਜਾ ਸਕਦਾ। ਪੰਜਾਬ ਵਿੱਚ ਏਸ ਵੇਲੇ 0 ਤੋਂ 6 ਸਾਲ ਦੇ 1000 ਮੁੰਡਿਆਂ ਪਿੱਛੇ ਸਿਰਫ 846 ਲੜਕੀਆਂ ਹਨ। ਸਮਾਜਿਕ ਮਾਹਿਰਾਂ ਅਨੁਸਾਰ ਜੇਕਰ ਇਹ ਪਾੜਾ ਜਲਦੀ ਨਾ ਪੂਰਿਆ ਗਿਆ ਤਾਂ ਆਉਣ ਵਾਲੇ ਕੁੱਝ ਸਾਲਾਂ ਦੌਰਾਨ 50 ਲੱਖ ਦੇ ਕਰੀਬ ਪੰਜਾਬੀ ਮੁੰਡੇ 'ਕੁਆਰੇ' ਰਹਿ ਜਾਣਗੇ।
ਹਰ ਸਰਕਾਰੀ ਖੇਤਰ ਵਿੱਚ ਭ੍ਰਿਸ਼ਟਾਚਾਰ ਨਾਂਅ ਦਾ ਸੱਪ ਫਨ ਫੈਲਾਈ ਬੈਠਾ ਹੈ। ਅੱਜ ਹਰ ਛੋਟੇ ਤੋਂ ਵੱਡੇ ਦਫਤਰ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਕੋਈ ਵੀ ਕੰਮ ਕਰਵਾਉਣ ਲਈ ਰਿਸ਼ਵਤ ਇੱਕ ਜਰੂਰੀ ਅੰਗ ਬਣ ਚੁੱਕੀ ਹੈ। ਦਫਤਰਾਂ ਵਿੱਚ ਕੋਈ ਵੀ ਫਾਈਲ ਉਦੋਂ ਤੱਕ ਇੱਕ ਮੇਜ ਤੋਂ ਦੂਜੇ ਮੇਜ ਤੱਕ ਨਹੀਂ ਸਰਕਦੀ ਜਦੋਂ ਤੱਕ ਤੁਸੀਂ ਇਸ ਥੱਲੇ ਰਿਸ਼ਵਤ ਰੂਪੀ ਟਾਇਰ ਨਹੀਂ ਲਗਾ ਦਿੰਦੇ। ਭ੍ਰਿਸ਼ਟਾਚਾਰ ਸਾਡੇ ਦੇਸ਼ ਦੀ ਤਰੱਕੀ ਦੇ ਰਾਹ ਵਿੱਚ ਇੱਕ ਬਹੁਤ ਵੱਡਾ ਰੋੜਾ ਹੈ। ਅੱਜ ਦੇ ਰਿਸ਼ਵਤਖੋਰ ਯੁੱਗ ਵਿੱਚ ਹੁਨਰ ਲਈ ਕੋਈ ਥਾਂ ਨਹੀਂ ਹੈ। ਜੇਕਰ ਕੋਈ ਹੁਨਰਮੰਦ ਵਿਅਕਤੀ ਰਿਸ਼ਵਤ ਦੇਣ ਤੋਂ ਅਸਮਰੱਥ ਹੈ ਤਾਂ ਉਸਦੀ ਪ੍ਰਤਿਭਾ ਕਿਸੇ ਕੰਮ ਦੀ ਨਹੀਂ।
ਉਪਰੋਕਤ ਸਭ ਕੁਝ ਵਾਪਰਦਾ ਦੇਖ ਕੇ ਭਗਤ ਸਿੰਘ ਸਮੇਤ ਸਾਰੇ ਸ਼ਹੀਦਾਂ ਦੀ ਆਤਮਾ ਲਹੂ ਲੁਹਾਣ ਹੁੰਦੀ ਹੋਵੇਗੀ ਕਿ ਜਿਹੜੇ ਦੇਸ਼ ਵਾਸੀਆਂ ਲਈ ਉਹ ਕੁਰਬਾਨ ਹੋ ਗਏ ਸਨ ਅੱਜ ਉਹਨਾਂ ਦੇਸ਼ਵਾਸੀਆਂ ਨੇ ਉਹਨਾਂ ਦੇ ਆਦਰਸ਼ਾਂ ਨੂੰ ਪੂਰੀ ਤਰ•ਾਂ ਦਿਲੋਂ ਵਿਸਾਰ ਦਿੱਤਾ ਹੈ। ਉਮੀਦ ਹੈ ਕਿ ਭਗਤ ਸਿੰਘ '' ਮੈਂ ਫਿਰ ਆਵਾਂਗਾ'' ਵਾਲਾ ਵਾਅਦਾ ਪੂਰਾ ਕਰ ਕੇ ਹੁਣ ਦੇ ਕਾਲੇ ਅੰਗਰੇਜਾਂ ਕੋਲੋਂ ਬਦਲਾ ਲੈਣ ਜਰੂਰ ਆਵੇਗਾ।

Monday, 12 September 2011

ਸੜਕ ਹਾਦਸਿਆਂ 'ਚ ਬਿਰਖ ਹੋ ਰਹੀ ਇਨਸਾਨੀ ਜਿੰਦਗੀ

ਮੋਹਿਤ ਵਰਮਾ,
ਬਠਿੰਡਾ।

ਪੰਜਾਬ ਦੀਆਂ ਖੂਨੀ ਸੜਕਾਂ ਤੇ ਨਿੱਤ ਵਾਪਰਦੇ ਹਾਦਸਿਆਂ ਦੀ ਵਿਣਤੀ ਦਿਨੋਂ¸ਦਿਨ ਵਧਦੀ ਜਾ ਰਹੀ ਹੈ। ਸੜਕ ਹਾਦਸਿਆਂ ਵਿੱਚ ਹਜਾਰਾਂ ਵਿਅਕਤੀ ਹਰ ਸਾਲ ਅਣਆਈ ਮੌਤ ਦਾ ਸ਼ਿਕਾਰ ਹੋ ਰਹੇ ਹਨ ਜਦਕਿ ਇਹਨਾਂ ਹਾਦਸਿਆਂ ਵਿੱਚ ਜਖਮੀ ਹੋਣ ਵਾਲਿਆਂ ਦੀ ਗਿਣਤੀ ਇਸ ਤੋਂ ਅਲਿਹਦਾ ਹੈ। ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇਗਾ, ਜਿਸ ਦਿਨ ਅਖਬਾਰਾਂ ਵਿੱਚ ਸੜਕ ਹਾਦਸਿਆਂ ਵਿੱਚ ਮਰਨ ਜਾਂ ਜਖਮੀ ਹੋਣ ਵਾਲਿਆਂ ਦੀਆਂ ਖਬਰਾਂ ਨਾ ਹੋਣ। ਰੋਜਾਨਾ ਪੰਜ¸ਸੱਤ ਵਿਅਕਤੀਆਂ ਦੇ ਸੜਕ ਹਸਦਸਿਆਂ ਵਿੱਚ ਮਾਰੇ ਜਾਣ ਦੀ ਖਬਰ ਆਮ ਜਿਹੀ ਬਣ ਕੇ ਰਹਿ ਗਈ ਹੈ ਤੇ ਕਈ ਵਾਰ ਤਾਂ ਇਹ ਗਿਣਤੀ ਸੈਂਕੜਿਆਂ ਵਿੱਚ ਵੀ ਪਹੁੰਚ ਜਾਂਦੀ ਹੈ। ਪੰਜਾਬ ਦੀਆਂ ਸੜਕਾਂ 'ਤੇ ਨਿੱਤ ਵਾਪਰ ਰਹੇ ਹਾਦਸਿਆਂ ਕਾਰਨ ਇੱਥੋਂ ਦੀਆਂ ਸੜਕਾਂ 'ਬੰਦੇ ਖਾਣੀਆਂ ਸੜਕਾਂ' ਬਣਦੀਆਂ ਨਜਰ ਆ ਰਹੀਆਂ ਹਨ। ਸਾਡੇ ਸੂਬੇ ਵਿੱਚ ਹਰ ਦੋ ਘੰਟਿਆਂ ਦੌਰਾਨ ਤਕਰੀਬਨ ਦਸ ਸੜਕ ਦੁਰਘਟਨਾਵਾਂ ਵਾਪਰਦੀਆਂ ਹਨ, ਜਿੰਨ•ਾਂ ਵਿੱਚ ਹਰ ਰੋਜ 5¸7 ਵਿਅਕਤੀ ਅਣਆਈ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ।
ਪੰਜਾਬ 'ਚ ਬੀਤੇ ਕੁਝ ਵਰਿਆਂ ਦੌਰਾਨ ਹੋਏੇ ਵਿਕਾਸ ਸਦਕਾ 50 ਲੱਖ ਦੇ ਕਰੀਬ ਗੱਡੀਆਂ ਸੜਕਾਂ ਤੇ ਹਾਰਨ ਵਜਾਉਂਦੀਆਂ ਫਿਰਦੀਆਂ ਹਨ । ਕੌਮੀ ਮਾਰਗਾਂ, ਰਾਜ ਮਾਰਗਾਂ ਤੇ ਹੋਰ ਛੋਟੀਆਂ ਸੜਕਾਂ ਤੇ ਵਾਹਨ ਸ਼ੂਟਾਂ ਵੱਟਦੇ ਨਜਰ ਆਉਂਦੇ ਹਨ ਪਰ ਇਹਨਾਂ ਵਾਹਨਾਂ ਨੂੰ ਕੰਟਰੋਲ ਕਰਨ ਵਾਲਾ ਕੋਈ ਨਹੀਂ ਹੁੰਦਾ, ਜਿਸ ਕਾਰਨ ਅਨੇਕਾਂ ਵਾਰ ਜਾਨਲੇਵਾ ਹਾਦਸੇ ਵਾਪਰ ਜਾਂਦੇ ਹਨ। ਸ਼ਰਾਬ ਪੀ ਕੇ ਗੱਡੀ ਚਲਾਉਣੀ, ਗਲਤ ਪਾਸੇ ਤੋਂ ਅੱਗੇ ਲੰਘਾਉਣ ਦੀ ਕੋਸ਼ਿਸ਼, ਵਾਹਨ ਚਲਾਉਣ ਵੇਲੇ ਮੋਬਾਇਲ ਫੋਨ ਦੀ ਵਰਤੋਂ, ਤੇਜ ਰਫਤਾਰ ਅਤੇ ਕੰਨ ਪਾੜਵੇਂ ਹਾਰਨ ਵਜਾਉਣ ਵਰਗੀਆਂ ਹਰਕਤਾਂ ਸੜਕਾਂ ਤੇ ਆਮ ਦੇਖਣ ਨੂੰ ਮਿਲਦੀਆਂ ਹਨ। ਅੱਜ ਸਥਿਤੀ ਇਹ ਬਣੀ ਹੋਈ ਹੈ ਕਿ ਲੋਕਾਂ ਵੱਲੋਂ ਧੜਾਧੜ ਆਵਾਜਾਈ ਦੇ ਨਿਯਮ ਤੋੜੇ ਜਾ ਰਹੇ ਹਨ, ਜਿਸ ਨਾਲ ਵਾਹਨ ਚਲਾਉਣ ਵਾਲੇ ਤੇ ਸੜਕਾਂ ਤੇ ਚੱਲਣ ਵਾਲਿਆਂ ਦੀ ਜਿੰਦਗੀ ਨੂੰ ਹਰ ਵੇਲੇ ਖਤਰਾ ਬਣਿਆ ਰਹਿੰਦਾ ਹੈ। ਆਵਾਜਾਈ ਦੇ ਨਿਯਮ ਤੋੜਨ ਵਾਲਿਆਂ ਵਿੱਚ ਸਾਡਾ ਸੂਬਾ ਪੰਜਾਬ ਗੁਵਾਂਢੀ ਸੂਬਿਆਂ ਨਾਲੋਂ ਬਹੁਤ ਅੱਗੇ ਹੈ। ਆਮ ਦੇਖਣ ਵਿੱਚ ਆਉਂਦਾ ਹੈ ਕਿ ਪੰਜਾਬ ਵਿੱਚ ਧੜਾਧੜ ਨਿਯਮ ਤੋੜਨ ਵਾਲੇ ਵਿਅਕਤੀ ਦੂਜੇ ਸੂਬਿਆਂ ਵਿੱਚ ਜਾ ਕੇ ਇਸ ਤਰ•ਾਂ ਗੱਡੀ ਚਲਾਉਂਦੇ ਹਨ ਜਿਵੇਂ ਉਹਨਾਂ ਨੇ ਕਦੇ ਕੋਈ ਨਿਯਮ ਤੋੜਿਆ ਹੀ ਨਾ ਹੋਵੇ। ਇੱਕ ਵਾਰ ਮੈਨੂੰ ਆਪਣੇ ਇੱਕ ਦੋਸਤ ਨਾਲ ਘਰੇਲੂ ਕੰਮ ਲਈ ਚੰਡੀਗੜ• ਜਾਣਾ ਪਿਆ। ਪੂਰੇ ਰਸਤੇ ਮੇਰੇ ਦੋਸਤ ਨੇ ਸੀਟ ਬੈਲਟ ਨਾ ਲਾਈ ਪਰ ਚੰਡੀਗੜ• ਦੀ ਹੱਦ ਤੋਂ ਅੱਧਾ ਕਿਲੋਮੀਟਰ ਪਿੱਛੇ ਹੀ ਉਸਨੇ ਝੱਟ ਸੀਟ ਬੈਲਟ ਲਗਾ ਲਈ ਤੇ ਡਰਾਇਵਰ ਨੂੰ ਵੀ ਸੀਟ ਬੈਲਟ ਲਾਉਣ ਦਾ ਹੁਕਮ ਚਾੜ•• ਦਿੱਤਾ ਕਿਉਂਕਿ ਬਿਨਾਂ ਸੀਟ ਬੈਲਟ ਲਗਾਇਆਂ ਉÎÎÎੱਥੇ ਚਲਾਨ ਕੱਟੇ ਜਾਣ ਦਾ ਡਰ ਸੀ। ਅਜਿਹਾ ਇਸ ਲਈ ਹੈ ਕਿਉਂਕਿ ਬਾਕੀ ਸ਼ਹਿਰਾਂ ਵਿੱਚ ਕਾਨੂੰਨ ਸਖਤੀ ਨਾਲ ਲਾਗੂ ਕੀਤੇ ਜਾਂਦੇ ਹਨ। ਜੇਕਰ ਸਾਡੇ ਸੂਬੇ ਵਿੱਚ ਵੀ ਕਾਨੂੰਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਸੜਕ ਹਾਦਸਿਆਂ ਦੀ ਗਿਣਤੀ ਇੱਥੇ ਵੀ ਕਾਫੀ ਹੱਦ ਤੱਕ ਘੱਟ ਕੀਤੀ ਜਾ ਸਕਦੀ ਹੈ। 
ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਾਰਨ ਹਾਦਸਿਆਂ ਦੀ ਗਿਣਤੀ ਵਿੱਚ  ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਜੇਕਰ ਪਿਛਲੇ ਕੁਝ ਵਰਿ•ਆਂ ਦੇ ਅੰਕੜਿਆਂ ਤੇ ਨਜਰ ਮਾਰੀਏ ਤਾਂ ਹਰ ਸਾਲ ਔਸਤਨ 3000 ਲੋਕ ਸੜਕ ਹਾਦਸਿਆਂ ਦੌਰਾਨ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਸਾਲ 2003 ਦੌਰਾਨ ਸੜਕ ਹਾਦਸਿਆਂ ਵਿੱਚ 2721 ਵਿਅਕਤੀ ਮਾਰੇ ਗਏ ਜਦੋਂਕਿ 2004 ਵਿੱਚ 2579, 2005 ਵਿੱਚ 2777 ਵਿਅਕਤੀਆਂ ਦੀ ਮੌਤ ਹੋਈ। ਸਾਲ 2006 ਵਿੱਚ ਸੜਕ ਹਾਦਸਿਆਂ ਦੀ ਗਿਣਤੀ ਵਧ ਕੇ 2966 ਹੋ ਗਈ। ਸਾਲ 2007 'ਚ 3363, 2008 'ਚ 3333 ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਅਗਲੇ ਦੋ ਸਾਲਾਂ ਦੌਰਾਨ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਹੋਰ ਵੀ ਇਜਾਫਾ ਹੋਇਆ। ਸਾਲ 2009 ਵਿੱਚ 3500 ਅਤੇ ਸਾਲ 2010 ਵਿੱਚ 3423 ਵਿਅਕਤੀਆਂ ਦੀ ਮੌਤ ਹੋਈ। ਮੌਜੂਦਾ ਵਰ•ੇ 2011 ਦੇ ਪਹਿਲੇ ਅੱਧ ਤੱਕ 1645 ਵਿਅਕਤੀ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗਵਾ ਚੁੱਕੇ ਹਨ।
ਸੜਕਾਂ ਤੇ ਦਿਨੋਂ¸ਦਿਨ ਵਧ ਰਹੇ ਹਾਦਸਿਆਂ ਨੂੰ ਰੋਕਣ ਲਈ ਵਕਤ ਦੀਆਂ ਸਰਕਾਰਾਂ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ। ਸਰਕਾਰ ਵੱਲੋਂ ਕਾਨੂੰਨ ਤਾਂ ਬਣਾਏ ਜਾਂਦੇ ਹਨ ਪਰ ਉਨ•ਾਂ ਨੂੰ ਲਾਗੂ ਕਰਵਾਉਣ ਲਈ ਕਦੇ ਵੀ ਗੰਭੀਰਤਾ ਨਾਲ ਕੰਮ ਨਹੀਂ ਕੀਤਾ ਜਾਂਦਾ। ਟਰਾਂਸਪੋਰਟ ਵਿਭਾਗ ਦੇ ਨੋਟੀਫਿਕੇਸ਼ਨ ਅਨੁਸਾਰ ਕੌਮੀ ਮਾਰਗਾਂ 'ਤੇ ਬੱਸਾਂ ਦੀ ਰਫਤਾਰ 65 ਕਿਲੋਮੀਟਰ ਪ੍ਰਤੀ ਘੰਟਾ ਤੇ ਰਾਜ ਮਾਰਗਾਂ 'ਤੇ 55 ਕਿਲੋਮੀਟਰ ਪ੍ਰਤੀ ਘੰਟਾ ਨਿਰਧਾਰਿਤ ਕੀਤੀ ਗਈ ਹੈ ਪਰ ਇਸ ਦੇ ਉਲਟ ਨਿਯਮਾਂ ਨੂੰ ਛਿੱਕੇ ਟੰਗ ਕੇ ਬੱਸਾਂ 80 ਤੋਂ 100 ਕਿਲੋਮੀਟਰ ਦੀ ਰਫਤਾਰ ਨਾਲ ਸੜਕਾਂ ਤੇ ਦੌੜਦੀਆਂ ਹਨ। ਇਸੇ ਤਰ•ਾਂ ਕਾਰਾਂ ਲਈ ਕੌਮੀ ਮਾਰਗਾਂ ਤੇ 80 ਕਿਲੋਮੀਟਰ ਪ੍ਰਤੀ ਘੰਟਾ ਅਤੇ ਰਾਜ ਮਾਰਗਾਂ ਤੇ 70 ਕਿਲੋਮੀਟਰ ਦੀ ਸੀਮਾ ਮਿਥੀ ਗਈ ਹੈ ਪਰ ਕਾਰਾਂ ਵੀ 100 ਤੋਂ ਉਪਰ ਦੀ ਰਫਤਾਰ  'ਤੇ ਦੌੜ ਰਹੀਆਂ ਹਨ। ਕੁਝ ਆਧੁਨਿਕ ਕਾਰਾਂ ਤਾਂ ਅਜਿਹੀਆਂ ਵੀ ਹਨ, ਜੋ 100 ਕਿਲੋਮੀਟਰ ਤੋਂ ਜਿਆਦਾ ਰਫਤਾਰ 'ਤੇ 'ਟਾਪ ਗੇਅਰ' ਲੈਂਦੀਆਂ ਹਨ।
ਵਧ ਰਹੇ ਸੜਕ ਹਾਦਸਿਆਂ ਕਾਰਨ ਜਿਥੇ ਵਾਹਨਾਂ ਦੀ ਵੱਧ ਰਹੀ ਗਿਣਤੀ ਨੂੰ ਮੰਨਿਆ ਜਾ ਸਕਦਾ ਹੈ, ਉਥੇ ਹੀ ਵਧ ਰਹੇ ਹਾਦਸਿਆਂ ਲਈ ਸਾਡਾ ਪ੍ਰਸ਼ਾਸਨ ਵੀ ਬਰਾਬਰ ਦਾ ਜਿੰਮੇਵਾਰ ਹੈ। ਆਵਾਜਾਈ ਦੇ ਨਿਯਮਾਂ ਨੂੰ ਪੂਰੀ ਤਰ•ਾਂ ਲਾਗੂ ਨਾ ਕਰ ਸਕਣਾ ਵੀ ਸੜਕੀ ਹਾਦਸਿਆਂ ਦਾ ਇੱਕ ਮੁੱਖ ਕਾਰਨ ਹੈ। ਸਿਆਸੀ ਦਖਲਅੰਦਾਜੀ ਵੀ ਆਵਾਜਾਈ ਦੇ ਨਿਯਮਾਂ ਨੂੰ ਪੂਰੀ ਤਰ•ਾਂ ਲਾਗੂ ਨਾ ਕਰ ਸਕਣ ਲਈ ਵੀ ਜਿੰਮੇਵਾਰ ਹੈ। ਆਮ ਦੇਖਣ ਵਿੱਚ ਆਉਂਦਾ ਹੈ ਕਿ ਜੇਕਰ ਕਿਸੇ ਪੁਲਿਸ ਵਾਲੇ ਵੱਲੋਂ ਕਿਸੇ ਨਿਯਮ ਭੰਗ ਕਰਨ ਵਾਲੇ ਵਿਅਕਤੀ ਨੂੰ ਰੋਕਿਆ ਜਾਂਦਾ ਹੈ ਤਾਂ ਅੱਗੋਂ ਉਹ ਵਿਅਕਤੀ ਝੱਟ ਕਿਸੇ ਨਾ ਕਿਸੇ ਸਿਆਸੀ ਆਗੂ ਨੂੰ ਫੋਲ ਮਿਲਾ ਕੇ ਉਸ ਪੁਲਿਸ ਵਾਲੇ ਦੇ ਕੰਨ ਨਾਲ ਲਗਾ ਦਿੰਦਾ ਹੈ। ਅਜਿਹੀ ਸਥਿਤੀ ਵਿੱਚ ਪੁਲਿਸ ਮੁਲਾਜਮ ਦੀ ਹਾਲਤ 'ਸੱਪ ਦੇ ਮੂੰਹ 'ਚ ਕੋਹੜ ਕਿਰਲੀ' ਵਾਲੀ ਹੋ ਜਾਂਦੀ ਹੈ। ਨਾਂ ਤਾਂ ਉਹ ਆਪਣੀ ਡਿਊਟੀ ਨੂੰ ਪੂਰੀ ਤਰ•ਾਂ ਨਿਭਾ ਸਕਦਾ ਹੈ ਤੇ ਨਾ ਹੀ ਉਸ ਲੀਡਰ ਨੂੰ ਨਾਰਾਜ ਕਰ ਕੇ ਆਪਣੀ ਨੌਕਰੀ ਨੂੰ ਕਿਸੇ ਪ੍ਰਕਾਰ ਦੇ ਖਤਰੇ ਵਿੱਚ ਲਿਆਉਣਾ ਚਾਹੁੰਦਾ ਹੈ। ਅਖੀਰ ਮਜਬੂਰ ਹੋ ਕੇ ਉਸਨੂੰ ਉਹਨਾਂ ਵਿਅਕਤੀਆਂ ਨੂੰ ਛੱਡਣਾ ਪੈਂਦਾ ਹੈ। ਇਸ ਨਾਲ ਨਿਯਮ ਤੋੜਨ ਵਾਲੇ ਵਿਅਕਤੀਆਂ ਦੇ ਹੌਂਸਲੇ ਹੋਰ ਵੀ ਬੁਲੰਦ ਹੋ ਜਾਂਦੇ ਹਨ ਅਤੇ ਉਹ ਪਹਿਲਾਂ ਨਾਲੋਂ ਵੀ ਬੇਖੌਫ ਹੋ ਕੇ ਨਿਯਮ ਤੋੜਦੇ ਹਨ।
ਟਰੈਫਿਕ ਪੁਲਿਸ ਦੇ ਇੱਕ ਮੁਲਾਜਮ ਦਾ ਕਹਿਣਾ ਸੀ ਕਿ ਹੁਣ ਤਾਂ ਉਹ ਆਵਾਜਾਈ ਦੇ ਨਿਯਮ ਭੰਗ ਕਰਨ ਵਾਲਿਆਂ ਨੂੰ ਰੋਕਣੋ ਹੀ ਹਟ ਗਏ ਹਨ ਕਿਉਂਕਿ ਅੱਜ ਕੱਲ• ਹਰ ਵਿਅਕਤੀ ਆਪਣੀ ਜੇਬ• ਵਿੱਚ ਕਿਸੇ ਨਾ ਕਿਸੇ ''ਸਿਆਸੀ ਆਗੂ'' ਨੂੰ ਪਾ ਕੇ ਘੁੰਮਦਾ ਹੈ। ਸ਼ਾਇਦ ਇੱਥੇ ''ਸਿਆਸੀ ਆਗੂ'' ਤੋਂ ਉਸਦਾ ਮਤਲਬ ਜੇਬ• ਵਿੱਚ ਪਾਏ ''ਮੋਬਾਇਲ ਫੋਨ'' ਤੋਂ ਸੀ।

ਵਧ ਰਹੇ ਹਾਦਸਿਆਂ ਨੂੰ ਕਾਬੂ ਕਰਨ ਲਈ ਜਿਥੇ ਆਵਾਜਾਈ ਦੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ, ਉਥੇ ਹੀ ਬਹੁਤ ਸਾਰੇ ਕਈ ਹੋਰ ਸੁਧਾਰ ਵੀ ਹਨ, ਜੋ ਆਵਾਜਾਈ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਹੁਤ ਜਰੂਰੀ ਹਨ। ਸੂਬੇ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ 'ਤੇ ਥੋੜੀ¸ਥੋੜੀ ਦੂਰੀ ਉਤੇ ਪੈਟਰੋਲਿੰਗ ਵੈਨਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਸੜਕਾਂ 'ਤੇ ਨਿਯਮ ਭੰਗ ਕਰਨ ਵਾਲਿਆਂ 'ਤੇ ਨਜਰ ਰੱਖੀ ਜਾ ਸਕੇ। ਜੇਕਰ ਰਫਤਾਰ ਨੂੰ  ਸੁਚਾਰੂ ਕਰਨ ਲਈ ਠੋਸ ਕਦਮ ਨਾ ਉਠਾਏ ਗਏ ਤਾਂ ਰਾਜ ਦੀਆਂ ਸੜਕਾਂ ਇਸੇ ਤਰ•ਾਂ ਖੂਨੀ ਬਣੀਆਂ ਰਹਿਣਗੀਆਂ ਤੇ ਹਰ ਰੋਜ ਸੈਂਕੜੇ ਬੇਸ਼ਕੀਮਤੀ ਜਾਨਾਂ ਨਿਗਲਦੀਆਂ ਰਹਿਣਗੀਆਂ।

Sunday, 28 August 2011

ਭਾਰਤੀ ਖੇਡ ਜਗਤ ਦੀ ਤਰਾਸਦੀ

ਮੋਹਿਤ ਵਰਮਾ,
ਬਠਿੰਡਾ

ਅੱਜ ਆਬਾਦੀ ਦੇ ਮਾਮਲੇ ਵਿੱਚ ਭਾਵੇਂ ਅਸੀਂ ਚੀਨ ਨੂੰ ਪਛਾੜ ਕੇ ਨੰਬਰ ਇੱਕ ਦੀ ਕੁਰਸੀ ਹਾਸਲ ਕਰਨ ਜਾ ਰਹੇ ਹਾਂ ਪਰ ਖੇਡਾਂ ਦੇ ਮਸਲੇ ਵਿੱਚ ਸਾਡੇ ਦੇਸ਼ ਦੀ ਹੈਸੀਅਤ ਅਜੇ ਵੀ ਦੁਨੀਆਂ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਜੀਰੋ ਹੈ। ਇਸਨੂੰ ਭਾਰਤੀ ਖੇਡ ਜਗਤ ਦੀ ਤਰਾਸਦੀ ਹੀ ਕਿਹਾ ਜਾ ਸਕਦਾ ਹੈ ਕਿ ਸਾਡੇ ਦੇਸ਼ ਦੇ ਇੱਕ ਸੂਬੇ ਨਾਲੋਂ ਵੀ ਛੋਟੇ ਦੇਸ਼ਾਂ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਸਾਡੇ ਦੇਸ਼ ਦੇ ਖਿਡਾਰੀਆਂ ਨਾਲੋਂ ਕਈ ਦਰਜੇ ਬਿਹਤਰ ਹੁੰਦਾ ਹੈ। ਅੰਤਰਰਾਸ਼ਟਰੀ ਪੱਧਰ ਤੋ ਹੋਣ ਵਾਲੇ ਮੁਕਾਬਲਿਆਂ ਵਿੱਚ ਚੀਨ, ਜਾਪਾਨ, ਆਸਟ੍ਰੇਲੀਆ, ਨਿਊਜੀਲੈਂਡ ਵਰਗੇ ਦੇਸ਼ਾਂ ਦੇ ਖਿਡਾਰੀ ਹਮੇਸ਼ਾ ਹੀ ਭਾਰਤੀ ਖਿਡਾਰੀਆਂ ਨਾਲੋਂ ਅੱਗੇ ਰਹਿੰਦੇ ਹਨ। ਸਵਾ ਸੌ ਕਰੋੜ ਦੀ ਆਬਾਦੀ ਵਾਲੇ ਸਾਡੇ ਦੇਸ਼ ਵਿੱਚ ਪ੍ਰਤਿਭਾ ਦੀ ਕਮੀ ਹੋਵੇ ਇਹ ਤਾਂ ਨਾ ਮੁਮਕਿਨ ਹੈ। ਪਰ ਫਿਰ ਵੀ ਦੁਨੀਆਂ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਸਾਡੇ ਦੇਸ਼ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਨੀਵੇਂ ਦਰਜੇ ਦਾ ਕਿਉਂ ਹੁੰਦਾ ਹੈ? ਇਹ ਇੱਕ ਅਜਿਹਾ ਸਵਾਲ ਹੈ ਜੋ ਸਾਡੇ ਦੇਸ਼ ਦੇ ਕਰੋੜਾਂ ਖੇਡ ਪ੍ਰੇਮੀਆਂ ਦੇ ਜਿਹਨ ਵਿੱਚ ਰੜਕਦਾ ਰਹਿੰਦਾ ਹੈ।  ਜੇਕਰ ਇਤਿਹਾਸ ਵਿੱਚ ਨਜਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਸਾਡੇ ਦੇਸ਼ ਨੇ ਬਹੁਤ ਸਾਰੇ ਅਜਿਹੇ ਖਿਡਾਰੀ ਪੈਦਾ ਕੀਤੇ ਹਨ ਜਿੰਨਾਂ ਦੀਆਂ ਪ੍ਰਾਪਤੀਆਂ ਕਰਕੇ ਉਹਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਧਿਆਨ ਚੰਦ, ਕਪਿਲ ਦੇਵ, ਲਾਲਾ ਅਮਰਨਾਥ, ਮਿਲਖਾ ਸਿੰਘ, ਪੀ. ਟੀ. ਊਸ਼ਾ ਆਦਿ ਕੁਝ ਅਜਿਹੇ ਖਿਡਾਰੀ ਹਨ ਜਿੰਨ•ਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਆਪਣਾ ਅਤੇ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।
ਦੂਸਰੇ ਦੇਸ਼ਾਂ ਦੇ ਮੁਕਾਬਲੇ ਭਾਰਤੀ ਖਿਡਾਰੀਆਂ ਦਾ ਘਟੀਆ ਪ੍ਰਦਰਸ਼ਨ ਇਸ ਗੱਲ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਖੇਡਾਂ ਪ੍ਰਤੀ ਦੂਜੇ ਦੇਸ਼ਾਂ ਦੀ ਤੁਲਨਾ ਸਾਡੇ ਦੇਸ਼ ਵਿੱਚ ਬਹੁਤ ਕੁਝ ਕਰਨ ਦੀ ਜਰੂਰਤ ਹੈ। ਸਾਡੇ ਦੇਸ਼ ਦੇ ਮੁਕਾਬਲੇ ਦੂਜੇ ਦੇਸ਼ਾਂ ਦੀਆਂ ਖੇਡ ਨੀਤੀਆਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੋਣ ਕਾਰਨ ਵਿਦੇਸ਼ੀ ਖਿਡਾਰੀ ਹਮੇਸ਼ਾ ਹੀ ਬਿਹਤਰ ਪ੍ਰਦਰਸ਼ਨ ਕਰਦੇ ਹਨ। ਦੂਸਰੇ ਦੇਸ਼ਾਂ ਦੀਆਂ ਖੇਡ ਨੀਤੀਆਂ ਭਾਰਤ ਦੇ ਮੁਕਾਬਲੇ ਹਮੇਸ਼ਾ ਹੀ ਉਤਸ਼ਾਹ ਵਰਧਕ ਰਹੀਆਂ ਹਨ ਜਦਕਿ ਸਾਡੇ ਦੇਸ਼ ਵਿੱਚ ਖਿਡਾਰੀਆਂ ਨੂੰ ਹਮੇਸ਼ਾ ਹੀ ਸਹੂਲਤਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ। ਸਾਡੇ ਮੁਲਕ ਦੀਆਂ ਖੇਡ ਨੀਤੀਆਂ ਵਿੱਚ ਅਜੇ ਵੀ ਬਹੁਤ ਸਾਰੇ ਸੁਧਾਰ ਕਰਨ ਦੀ ਲੋੜ ਹੈ।
ਲਗਭਗ ਸਾਰੀਆਂ ਹੀ ਖੇਡਾਂ ਵਿੱਚ ਸਾਡਾ ਦੇਸ਼ ਦੂਸਰੇ ਦੇਸ਼ਾਂ ਦੇ ਮੁਕਾਬਲੇ ਪੱਛੜਿਆ ਹੋਇਆ ਹੈ ਪਰ ਸਾਡੇ ਦੇਸ਼ ਵਿੱਚ 'ਕੌਮੀ ਖੇਡ' ਦਾ ਦਰਜਾ ਪ੍ਰਾਪਤ ਹਾਕੀ ਦੀ ਹਾਲਤ ਇਸ ਮਾਮਲੇ ਵਿੱਚ ਬਹੁਤ ਹੀ ਬਦਤਰ ਹੋਈ ਪਈ ਹੈ। ਭਾਵੇਂ ਸਾਡੇ ਦੇਸ਼ ਵਿੱਚ ਹਾਕੀ ਨੂੰ ਕੌਮੀ ਖੇਡ ਦਾ ਦਰਜਾ ਤਾਂ ਪ੍ਰਾਪਤ ਹੈ ਪਰ ਫਿਰ ਵੀ ਹਾਕੀ ਖਿਡਾਰੀਆਂ ਨਾਲ ਕੀਤਾ ਜਾਂਦਾ ਵਿਤਕਰਾ ਆਮ ਦੇਖਣ ਨੂੰ ਮਿਲਦਾ ਹੈ। ਇੱਕ ਪਾਸੇ ਕ੍ਰਿਕਟ ਖਿਡਾਰੀਆਂ ਨੂੰ ਉਹਨਾਂ ਦੇ ਬੋਰਡਾਂ ਵੱਲੋਂ ਕਰੋੜਾਂ ਰੁਪਏ ਦਿੱਤੇ ਜਾਂਦੇ ਹਨ ਜਦਕਿ ਹਾਕੀ ਖਿਡਾਰੀਆਂ ਨੂੰ ਉਹਨਾਂ ਦਾ ਬਣਦਾ ਮਿਹਨਤਾਨਾ ਦੇਣ ਤੋਂ ਵੀ ਆਨਾਕਾਨੀ ਕੀਤੀ ਜਾਂਦੀ ਹੈ। ਇਸਦੀ ਤਾਜਾ ਮਸਾਲ ਕੁੱਝ ਸਮਾਂ ਪਹਿਲਾਂ ਭਾਰਤੀ ਹਾਕੀ ਜਗਤ ਵਿੱਚ ਉÎÎÎੱਠੇ ਬਵਾਲ ਤੋਂ ਮਿਲਦੀ ਹੈ। ਖਿਡਾਰੀਆਂ ਦੀ ਲਗਭਗ ਇੱਕ ਕਰੋੜ ਤੋਂ ਜਿਆਦਾ ਰਕਮ ਬੋਰਡ ਵੱਲ ਬਕਾਇਆ ਸੀ ਅਤੇ ਇਸ ਰਾਸ਼ੀ ਦਾ ਭੁਗਤਾਨ ਕਰਨ ਵਿੱਚ ਹਮੇਸ਼ਾ ਦੇਰੀ ਕੀਤੀ ਜਾਂਦੀ ਸੀ । ਅਖੀਰ ਮਜਬੂਰ ਹੋ ਕੇ ਖਿਡਾਰੀਆਂ ਨੂੰ ਹੜਤਾਲ ਕਰਨੀ ਪਈ ਅਤੇ ਭਾਰਤੀ ਹਾਕੀ ਬੋਰਡ ਨੂੰ ਅਣਮੰਨੇ ਮਨ ਨਾਲ ਖਿਡਾਰੀਆਂ ਨੂੰ 25 ਲੱਖ ਰੁਪਏ ਦੇਣ ਦਾ ਐਲਾਨ ਕਰਨਾ ਪਿਆ ਜੋ ਕਿ ''ਊਠ ਦੇ ਮੂੰਹ ਵਿੱਚ ਜੀਰਾ'' ਦੇਣ ਦੇ ਸਮਾਨ ਹੈ । ਇਹ ਬਵਾਲ ਅਜੇ ਥੰਮਿਆ ਨਹੀਂ ਸੀ ਕਿ ਮਹਿਲਾ ਹਾਕੀ ਖਿਡਾਰਨਾਂ ਨੂੰ ਵੀ ਬਗਾਵਤੀ ਤੇਵਰ ਦਿਖਾਉਣੇ ਪਏ। ਮਹਿਲਾ ਖਿਡਾਰਨਾਂ ਨੇ ਪੁਰਸ਼ ਖਿਡਾਰੀਆਂ ਵਾਂਗ ਹੜਤਾਲ ਤਾਂ ਭਾਵੇਂ ਨਹੀਂ ਕੀਤੀ ਪਰ ਫਿਰ ਵੀ ਉਹਨਾਂ ਨੇ ਕਾਲੀਆਂ ਪੱਟੀਆਂ ਬੰਨ ਕੇ ਟ੍ਰੇਨਿੰਗ ਕੈਂਪ ਵਿੱਚ ਹਿੱਸਾ ਲਿਆ ਜੋ ਕਿ ਉਹਨਾਂ ਦਾ ਸ਼ਾਂਤਮਈ ਵਿਰੋਧ ਕਰਨ ਦਾ ਤਰੀਕਾ ਸੀ। ਖਿਡਾਰਨਾਂ ਵਿੱਚ ਬਗਾਵਤ ਨੂੰ ਦੇਖਦੇ ਹੋਏ ਭਾਰਤੀ ਹਾਕੀ ਬੋਰਡ ਨੂੰ 50¸50 ਹਜਾਰ ਰੁਪਏ ਖਿਡਾਰਨਾਂ ਨੂੰ ਦੇਣ ਦਾ ਐਲਾਨ ਕਰਨਾ ਪਿਆ।
ਇਹ ਕੋਈ ਨਵੀਂ  ਗੱਲ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇੱਕ ਵਾਰ ਏਸ਼ੀਆ ਕੱਪ ਜਿੱਤ ਕੇ ਪਰਤੀ ਹਾਕੀ ਟੀਮ ਨੂੰ ਵਧਾਈ ਜਾਂ ਸਨਮਾਨ ਚਿੰਨ• ਦੇਣਾ ਤਾਂ ਦੂਰ ਦੀ ਗੱਲ ਉਹਨਾਂ ਨੂੰ ਬਣਦੇ ਪੈਸੇ ਦੇਣ ਤੋਂ ਵੀ ਨਾਂਹ¸ਨੁੱਕਰ ਕੀਤੀ ਗਈ। ਮਜਬੂਰ ਹੋ ਕੇ ਟੀਮ ਦੇ ਕੋਚ ਅਤੇ ਖਿਡਾਰੀਆਂ ਨੂੰ ਭੁੱਖ ਹੜਤਾਲ ਕਰਨ ਦੀ ਧਮਕੀ ਦੇਣੀ ਪਈ। ਇਹ ਸ਼ਾਇਦ ਧਮਕੀ ਦਾ ਹੀ ਅਸਰ ਸੀ ਕਿ ਸਰਕਾਰ ਨੂੰ ਕੋਚ ਅਤੇ ਖਿਡਾਰੀਆਂ ਨੂੰ 2¸2 ਲੱਖ ਰੁਪਏ ਦੇਣ ਦਾ ਐਲਾਨ ਕਰਨਾ ਪਿਆ। ਜੇਕਰ ਟੀਮ ਕੋਈ ਵੱਡਾ ਟੂਰਨਾਮੈਂਟ ਜਿੱਤ ਕੇ ਆਉਂਦੀ ਹੈ ਤਾਂ ਇਨਾਮ ਦੇਣ ਦੀ ਬਜਾਏ ਉਹ 6¸7 ਖਿਡਾਰੀ ਟੀਮ ਚੋਂ ਕੱਢ ਦਿੱਤੇ ਜਾਂਦੇ ਹਨ ਜੋ ਵੱਡੇ ਪੱਧਰ ਦੇ 20¸25 ਮੁਕਾਬਲਿਆਂ ਵਿੱਚ ਤਜਰਬਾ ਗ੍ਰਹਿਣ ਕਰ ਚੁੱਕੇ ਹੁੰਦੇ ਹਨ ਅਤੇ ਉਹਨਾਂ ਦੀ ਜਗ•ਾ ਅਜਿਹੇ ਖਿਡਾਰੀ ਸ਼ਾਮਿਲ ਕੀਤੇ ਜਾਂਦੇ ਹਨ ਜੋ ਆਪਣੇ ਸੂਬਿਆਂ ਵਿੱਚ ਸਿਰਫ ਇੱਕ ਜਾਂ ਦੋ ਟੂਰਨਾਮੈਂਟ ਖੇਡ ਕੇ ਆਏ ਹੁੰਦੇ ਹਨ।
ਵੱਖ¸ਵੱਖ ਸਮੇਂ ਤੇ ਹਾਕੀ ਜਗਤ ਵਿੱਚ ਹੋਏ ਕਾਟੋ—ਕਲੇਸ਼ ਸਾਡੇ ਦੇਸ ਅੰਦਰ ਹਾਕੀ ਦੇ ਭਵਿੱਖ ਤੇ ਸਵਾਲੀਆ ਚਿੰਨ• ਲਗਾਉਂਦੇ ਹਨ । ਅਜਿਹੇ ਵਕਤ ਜਦੋਂ ਕ੍ਰਿਕਟ ਖਿਡਾਰੀਆਂ ਨੂੰ ਗੱਫੇ ਅਤੇ ਹਾਕੀ ਖਿਡਾਰੀਆਂ ਨੂੰ ਧੱਫੇ ਮਿਲਦੇ ਹਨ ਤਾਂ ਭਲਾ ਕਿਉਂ ਕੋਈ ਵਿਅਕਤੀ ਹਾਕੀ ਫੜ•ੇਗਾ ? ਮਾਂ¸ਬਾਪ ਵੀ ਆਪਣੇ ਬੱਚਿਆਂ ਨੂੰ ਹਾਕੀ ਖੇਡਣ ਤੋਂ ਜਰੂਰ ਹੀ ਰੋਕਣਗੇ।  ਇੱਥੇ ਮੁੱਦਾ ਇਹ ਨਹੀਂ ਹੈ ਕਿ ਕ੍ਰਿਕਟ ਨੂੰ ਕਿਉਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਬਲਕਿ ਮੁੱਖ ਗੱਲ ਇਹ ਹੈ ਕਿ ਹਾਕੀ ਨੂੰ ਉਚਾ ਚੁੱਕਣ ਲਈ ਲੋੜੀਂਦੇ ਯਤਨ ਨਹੀਂ ਕੀਤੇ ਜਾ ਰਹੇ। ਖਿਡਾਰੀਆਂ ਲਈ ਮੁੱਢਲੀਆਂ ਸਹੂਲਤਾਂ ਦੀ ਕਮੀ ਵੀ ਹਾਕੀ ਦੇ ਵਿਕਾਸ ਵਿੱਚ ਇੱਕ ਵੱਡਾ ਅੜਿੱਕਾ ਹੈ। ਸਰਕਾਰ ਵੱਲੋਂ ਖਿਡਾਰੀਆਂ ਲਈ ਮੁੱਢਲੀਆਂ ਸਹੂਲਤਾਂ ਜਿਵੇਂ ਆਧੁਨਿਕ ਐਸਟਰੋਟਰਫ ਦੇ ਮੈਦਾਨ, ਖੇਡਣ ਦੀ ਸਮੱਗਰੀ, ਖਾਣ¸ਪੀਣ, ਰਹਿਣ¸ਸਹਿਣ ਦਾ ਵਧੀਆ ਪ੍ਰਬੰਧ ਨਹੀਂ ਕੀਤਾ ਜਾਂਦਾ। ਭਾਰਤ ਵਿੱਚ ਜ਼ਿਆਦਾਤਰ ਖਿਡਾਰੀ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਵਿੱਚੋਂ ਆਉਂਦੇ ਹਨ ਅਤੇ ਇਹਨਾਂ ਦਾ ਮਕਸਦ ਖੇਡਾਂ ਰਾਹੀਂ ਸਿਰਫ ਨੌਕਰੀ ਪ੍ਰਾਪਤ ਕਰਨਾ ਹੁੰਦਾ ਹੈ। ਇੱਕ ਵਾਰ ਨੌਕਰੀ ਮਿਲ ਗਈ ਤਾਂ ਇਹਨਾਂ ਦਾ ਖੇਡਾਂ ਵੱਲ ਕੋਈ ਧਿਆਨ ਨਹੀਂ ਰਹਿੰਦਾ। ਇਸ ਤੋਂ ਇਲਾਵਾ ਜੋ ਖਿਡਾਰੀ ਖੇਡਣਾ ਚਾਹੁੰਦੇ ਹਨ ਉਹ ਆਪਣੇ ਪੱਧਰ ਤੇ ਇਹਨਾਂ ਸਹੂਲਤਾਂ ਦਾ ਪ੍ਰਬੰਧ ਕਰਨ ਤੋਂ ਅਸਮਰੱਥ ਹੁੰਦੇ ਹਨ ਕਿਉਂਕਿ ਉਹਨਾਂ ਅੱਗੇ ਸਭ ਤੋਂ ਵੱਡੀ ਸਮੱਸਿਆ ਪੈਸੇ ਦੀ ਹੁੰਦੀ ਹੈ। ਇਹ ਖਿਡਾਰੀ ਕੁੱਝ ਦੇਰ ਲਈ ਤਾਂ ਚਰਚਿਤ ਰਹਿੰਦੇ ਹਨ ਪਰ ਬਾਅਦ ਵਿੱਚ ਇੱਕ ਦਮ ਗਾਇਬ ਹੋ ਜਾਂਦੇ ਹਨ। ਅਜਿਹੇ ਚੰਗੇ ਖਿਡਾਰੀਆਂ ਨੂੰ, ਜੋ ਆਰਥਿਕ ਪੱਖੋਂ ਕਮਜੋਰ ਹਨ, ਪਛਾਣਕੇ ਆਰਥਿਕ ਸਹਾਇਤਾ ਵੀ ਦਿੱਤੀ ਜਾਵੇ ਤਾਂ ਜੋ ਉਹਨਾਂ ਦੇ ਰਾਹ ਵਿੱਚ ਪੈਸੇ ਦੀ ਰੁਕਾਵਟ ਨਾ ਆਵੇ।
ਹਾਕੀ ਵਿੱਚ ਪੰਜਾਬ ਦਾ ਯੋਗਦਾਨ ਹਮੇਸ਼ਾ, ਅਹਿਮ ਰਿਹਾ ਹੈ। ਪੰਜਾਬ ਨੇ ਹਾਕੀ ਨੂੰ ਊਧਮ ਸਿੰਘ, ਪਰਗਟ ਸਿੰਘ, ਅਜੀਤ ਸਿੰਘ, ਸੁਰਿੰਦਰ ਸਿੰਘ ਸੋਢੀ, ਬਲਵੀਰ ਸਿੰਘ, ਰਜਿੰਦਰ, ਪ੍ਰਿਥੀਪਾਲ ਸਿੰਘ, ਰੂਪਾ ਸੈਣੀ, ਕੁਲਵੰਤ ਕੌਰ ਸੰਧੂ, ਰਾਜਵੀਰ ਕੋਰ, ਅਜੀਤਪਾਲ ਸਿੰਘ ਅਤੇ ਹੋਰ ਬਹੁਤ ਹੀ ਅਨਮੋਲ ਹੀਰੇ ਦਿੱਤੇ ਹਨ ਪਰ ਜਦੋਂ ਤੋਂ ਰਾਸ਼ਟਰੀ ਟੀਮ ਦੀ ਚੋਣ ਲਈ ਅਸੈਂਬਲੀ ਸਿਸਟਮ ਦੀ ਸ਼ੁਰੂਆਤ ਹੋਈ ਹੈ ਉਦੋਂ ਤੋਂ ਪੰਜਾਬ ਨੂੰ ਹਮੇਸ਼ਾ ਅੱਖੋਂ ਪਰੋਖੇ ਕੀਤਾ ਗਿਆ ਹੈ।
ਅੱਜ ਕਿਸੇ ਨੂੰ ਯਾਦ ਨਹੀਂ 'ਮਾਈਕਲ ਕਿੰਡੋ' ਜਿਸ ਬਾਰੇ ਆਮ ਮਸ਼ਹੂਰ ਸੀ ਕਿ ਉਹ ਹਿੱਟ ਲਗਾ ਕੇ ਪੱਕੀ ਇੱਟ ਤੋੜ ਸਕਦਾ ਹੈ । ਕਿੱਥੇ ਹੈ ਉਹ ਅਜੀਤ ਸਿੰਘ, ਜਿਸ ਨੇ ਬੁੱਲੀ ਆਫ ਹੋਣ ਤੇ ਗੇਂਦ ਆਪਣੇ ਕਬਜ਼ੇ ਵਿੱਚ ਲੈ ਕੇ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਵਿਰੋਧੀ ਟੀਮ ਦਾ ਫੱਟਾ ਜਾ ਖੜਕਾਇਆ ਸੀ ਅਤੇ ਬਾਕੀ ਖਿਡਾਰੀ ਮੂਕ ਦਰਸ਼ਕ ਬਣੇ ਦੇਖਦੇ ਰਹਿ ਗਏ ਸਨ। ਆਪਣੇ ਆਪ ਵਿੱਚ ਤਕੜੀਆਂ ਕਹਾਉਣ ਵਾਲੀਆਂ ਟੀਮਾਂ ਅਤੇ ਵੱਡੇ¸ਵੱਡੇ ਉਲੰਪਿਅਨ ਵੀ ਉਸ ਸਮੇਂ ਭਾਰਤੀ ਹਾਕੀ ਟੀਮ ਤੋਂ ਖੌਫ ਖਾਂਦੇ ਸਨ ।
ਅਜੇ ਵੀ ਦੇਰ ਨਹੀਂ ਹੋਈ, ਲੀਹੋਂ ਲੱਥੀ 'ਹਾਕੀ ਐਕਸਪ੍ਰੈਸ' ਨੂੰ ਮੁੜ ਲੀਹੇ ਪਾਉਣ ਲਈ ਜੇਕਰ ਸੱਚੇ ਦਿਲੋਂ ਯਤਨ ਕੀਤੇ ਜਾਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਮੁੜ ਹਾਕੀ ਜਗਤ ਤੇ ਸਾਡਾ ਝੰਡਾ ਬੁਲੰਦ ਹੋ ਸਕਦਾ ਹੈ। ਅੱਜ ਲੋੜ ਹੈ 'ਛੁਪੇ ਰੁਸਤਮਾਂ' ਨੂੰ ਪਛਾਣ ਕੇ ਉਹਨਾਂ ਨੂੰ ਨਿਖਾਰਨ ਦੀ। ਖਿਡਾਰੀਆਂ ਨੂੰ ਸਹੂਲਤਾਂ ਦੇ ਕੇ ਉਤਸ਼ਾਹ ਵਧਾਊ ਨੀਤੀਆਂ ਬਣਾਈਆ ਜਾਣ ਤਾਂ ਜੋ ਸਾਡੇ ਦੇਸ਼ ਦੇ ਖਿਡਾਰੀ ਵੀ ਦੂਜੇ ਦੇਸ਼ਾਂ ਦੇ ਖਿਡਾਰੀਆਂ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕਰ ਸਕਣ ਅਤੇ ਬਿਹਤਰ ਨਤੀਜਿਆਂ ਦੀ ਆਸ ਬੱਝ ਸਕੇ। ਇੱਕ ਗੱਲ ਤਾਂ ਸਪੱਸ਼ਟ ਹੈ ਕਿ ਭਾਰਤ ਵਾਸੀਆਂ ਨੇ ਜੇਕਰ ਕੋਈ ਜੰਗ ਜਿੱਤਣ ਦੀ ਠਾਣੀ ਹੈ ਤਾਂ ਉਹਨਾਂ ਨੇ ਇਹ ਜੰਗ ਭੁੱਖੇ ਰਹਿ ਕੇ ਵੀ ਜਿੱਤੀ ਹੈ। ਫਿਰ ਇਹ ਤਾਂ ਸਿਰਫ ਲੀਹੋਂ ਲੱਥੀ 'ਹਾਕੀ ਐਕਸਪ੍ਰੈਸ' ਨੂੰ ਮੁੜ ਲੀਹੇ ਪਾਉਣ ਦੀ ਗੱਲ ਹੈ।  ਜੇਕਰ ਸਰਕਾਰਾਂ ਅਤੇ ਆਮ ਲੋਕ ਚਾਹੁਣ ਤਾਂ ਅੱਜ ਵੀ ਹਾਕੀ ਜਗਤ ਤੇ ਸਾਡਾ ਝੰਡਾ ਮੁੜ ਬੁਲੰਦ ਹੋ ਸਕਦਾ ਹੈ।