Tuesday, 27 September 2011

ਭਗਤ ਸਿੰਘ ਦੇ ਸੁਪਨਿਆਂ ਦੇ ਉਲਟ ਪੰਜਾਬ ਦਾ ਕਰੂਪ ਚਿਹਰਾ

ਮੋਹਿਤ ਵਰਮਾ,
ਬਠਿੰਡਾ।

ਹਰ ਸਾਲ 28 ਸਤੰਬਰ ਨੂੰ ਪੂਰੇ ਦੇਸ਼ ਵਿੱਚ ਮਹਾਨ ਕ੍ਰਾਂਤੀਕਾਰੀ ਸ਼ਹੀਦ¸ਏ¸ਆਜਮ ਸ੍ਰ: ਭਗਤ ਸਿੰਘ ਦਾ ਜਨਮ ਦਿਹਾੜਾ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਬਹੁਤ ਸਾਰੇ ਭਾਰਤ ਵਾਸੀ ਇਸ ਮਹਾਨ ਯੋਧੇ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਅਤੇ ਊਸਦੇ ਪਾਏ ਪੂਰਨਿਆ ਤੇ ਚੱਲਣ ਦਾ ਪ੍ਰਣ ਵੀ ਲੈਂਦੇ ਹਨ ਪਰ ਭਗਤ ਸਿੰਘ ਨੇ ਆਰਥਿਕ ਨਾ¸ਬਰਾਬਰੀ, ਜਾਤਪਾਤ, ਫਿਰਕਾਪ੍ਰਸਤੀ ਅਤੇ ਭ੍ਰਿਸ਼ਟਾਚਾਰ ਰਹਿਤ ਜਿਸ ਭਾਰਤ ਦੀ ਕਲਪਨਾ ਕੀਤੀ ਸੀ, ਉਸਨੂੰ ਪੂਰਾ ਕਰਨ ਵਿੱਚ ਸਾਰੇ ਭਾਰਤ ਵਾਸੀ ਅਸਫਲ ਰਹੇ ਹਨ। ਅੱਜ ਸਾਡੇ ਸਮਾਜ ਅੰਦਰ ਭਰੂਣ ਹੱਤਿਆ, ਨਸ਼ੇ, ਦਾਜ ਦਹੇਜ, ਭ੍ਰਿਸ਼ਟਾਚਾਰ ਵਰਗੀਆਂ ਕੁਝ ਅਜਿਹੀਆਂ ਬੁਰਾਈਆਂ ਘਰ ਕਰ ਗਈਆਂ ਹਨ ਜਿੰਨ•ਾਂ ਬਾਰੇ ਕਦੇ ਭਗਤ ਸਿੰਘ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ। ਸਾਡੇ ਦੇਸ਼ ਅੰਦਰ ਮਨੁੱਖੀ ਕਦਰਾਂ ਕੀਮਤਾਂ ਖੇਰੂੰ¸ਖੇਰੂੰ ਹੋ ਰਹੀਆਂ ਹਨ। ਅੱਜ ਪੁੱਤ ਆਪਣੇ ਪਿਓ ਨੂੰ ਵੱਢ ਰਿਹਾ ਹੈ। ਭਰਾ ਆਪਣੇ ਭਰਾ ਦਾ ਕਤਲ ਕਰ ਰਿਹਾ ਹੈ। ਇੱਕ ਪਤੀ, ਜਿਸਨੇ ਆਪਣੀ ਪਤਨੀ ਦੇ ਹਰੇਕ ਸੁੱਖ ਦੁੱਖ ਵਿੱਚ ਉਸਦਾ ਸਾਥ ਦੇਣ ਦਾ ਵਾਅਦਾ ਕੀਤਾ ਹੁੰਦਾ ਹੈ, ਉਸਦਾ ਹੀ ਕਤਲ ਕਰ ਰਿਹਾ ਹੈ। ਸਾਡੇ ਸਮਾਜ ਦੀ ਕਿੰਨੀ ਵੱਡੀ ਤਰਾਸਦੀ ਹੈ ਕਿ  ਕਈ ਨੌਜਵਾਨ ਆਪਣੇ ਮਾਂ¸ਪਿਓ ਦਾ ਕਤਲ ਤੱਕ ਕਰ ਰਹੇ ਹਨ। ਬਹੁਤ ਸਾਰੇ ਨੌਜਵਾਨ ਅੱਜ ਸਮਾਜ ਵਿਰੋਧੀ ਕੰਮਾਂ ਨੂੰ ਅੰਜਾਮ ਦੇ ਰਹੇ ਹਨ।
ਪੁਰਾਤਨ ਸਮੇਂ ਵਿੱਚ ਪੰਜਾਬ ਦੀਆਂ ਧੀਆਂ ਭੈਣਾਂ ਵੱਲ ਅੱਖ ਚੱਕ ਕੇ ਦੇਖਣ ਵਾਲਿਆਂ ਨੂੰ ਐਸਾ ਸਬਕ ਸਿਖਾਇਆ ਜਾਂਦਾ ਸੀ ਕਿ ਉਸਦੀਆਂ ਆਉਣ ਵਾਲੀਆਂ ਸੱਤ ਪੁਸ਼ਤਾਂ ਚੇਤੇ ਰੱਖਦੀਆਂ ਸਨ। ਪਰ ਪਿਛਲੇ ਕੁੱਝ ਸਮੇਂ ਦੌਰਾਨ ਔਰਤਾਂ ਪ੍ਰਤੀ ਵਧ ਰਹੀਆਂ ਹਿੰਸਕ ਵਾਰਦਾਤਾਂ ਨੇ ਸਮੁੱਚੀ ਮਾਨਵਤਾ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ। ਕੁੱਝ ਸਮਾਂ ਪਹਿਲਾਂ ਬਠਿੰਡਾ ਜ਼ਿਲ•ੇ ਦੇ ਇੱਕ ਪਿੰਡ ਬੁਰਜ ਥਰੋੜ ਵਿੱਚ ਵਾਪਰੀ ਇੱਕ ਘਟਨਾ ਨੇ ਸਾਰੇ ਸਮਾਜ ਨੂੰ ਕੱਖੋਂ ਹੌਲੇ ਕਰ ਦਿੱਤਾ। ਇੱਥੇ ਇੱਕ ਔਰਤ ਨੂੰ ਦਰੱਖਤ ਨਾਲ ਬੰਨ• ਕੇ ਜਿੰਦਾ ਜਲਾ ਦਿੱਤਾ ਗਿਆ ਤੇ ਬਾਅਦ ਵਿੱਚ ਉਸਦੀ ਗਲੀ ਸੜੀ ਲਾਸ਼ ਨੂੰ ਕੁੱਤਿਆਂ ਵੱਲੋਂ ਬੇਰਹਿਮੀ ਨਾਲ ਨੋਚ ਕੇ ਖਾਧਾ ਗਿਆ। ਇਹ ਘਟਨਾ ਬਹੁਤ ਸਾਰੇ ਅਖਬਾਰਾਂ ਦੀ ਸੁਰਖੀ ਵੀ ਬਣੀ ਪਰ ਕੋਈ ਅੱਖ ਸ਼ਰਮ ਨਾਲ ਨਾ ਰੋਈ। ਇਸ ਸਾਰੇ ਘਟਨਾਕ੍ਰਮ ਵਿੱਚ ਭਾਵੇਂ ਉਸ ਔਰਤ ਦਾ ਚਾਹੇ ਕੁੱਝ ਵੀ ਕਸੂਰ ਹੋਵੇ ਪਰ ਔਰਤਾਂ ਨਾਲ ਇਹੋ ਜਿਹਾ ਵਿਵਹਾਰ ਕਰਨਾ ਕਦੇ ਵੀ ਸਾਡੀ ਸੰਸਕ੍ਰਿਤੀ ਜਾਂ ਸਮਾਜ ਦਾ ਹਿੱਸਾ ਨਹੀਂ ਰਿਹਾ। ਇਹੋ ਜਿਹੀਆਂ ਘਟਨਾਵਾਂ ਨਾਲ ਕਿਸੇ ਹੋਰ ਨੂੰ ਫਰਕ ਪਵੇ ਜਾਂ ਨਾਂ ਪਵੇ ਪਰ ਭਗਤ ਸਿੰਘ ਦੀ ਆਤਮਾ ਨੂੰ ਠੇਸ ਜਰੂਰ ਪਹੁੰਚਦੀ ਹੋਵੇਗੀ ਕਿਉਂਕਿ ਉਸਨੇ ਕਦੇ ਅਜਿਹਾ ਪੰਜਾਬ ਸਿਰਜਣ ਦੀ ਕਲਪਨਾ ਨਹੀਂ ਸੀ ਕੀਤੀ।
ਸਾਡੇ ਰਾਜਨੇਤਾਵਾਂ ਵੱਲੋਂ ਆਰਥਿਕ ਬਰਾਬਰੀ ਦੀਆਂ ਗੱਲਾਂ ਜੋਰ ਸ਼ੋਰ ਨਾਲ ਕੀਤੀਆਂ ਜਾਂਦੀਆਂ ਹਨ ਪਰ ਇਸ ਸਭ ਦੇ ਬਾਵਜੂਦ ਮਜ਼ਦੂਰ ਵਰਗ ਦੀ ਸਥਿਤੀ ਤਰਸਯੋਗ ਬਣੀ ਹੋਈ ਹੈ। ਹਰ ਰੋਜ ਲੇਬਰ ਚੌਂਕਾਂ ਵਿੱਚ ਮਨੁੱਖਾਂ ਦੀ ਬੋਲੀ ਲੱਗਦੀ ਹੈ। ਕੋਈ ਮਜ਼ਦੂਰ ਜਦੋਂ ਸਵੇਰ ਵੇਲੇ ਘਰੋਂ ਕੰਮ ਲੱਭਣ ਜਾਂਦਾ ਹੈ ਤਾਂ ਪਿੱਛੋਂ ਉਸਦਾ ਸਾਰਾ ਪਰਿਵਾਰ ਕੰਮ ਮਿਲਣ ਦੀ ਅਰਦਾਸ ਕਰਦਾ ਹੈ ਤਾਂ ਜੋ ਸ਼ਾਮ ਨੂੰ ਢਿੱਡ ਭਰਵੀਂ ਰੋਟੀ ਖਾ ਸਕਣ। ਉਸ ਮਜ਼ਦੂਰ ਦੇ ਬੱਚੇ ਬੱਦਲ ਗਰਜਦੇ ਦੇਖ ਕੇ 'ਬੱਦਲਾ ਬੱਦਲਾ ਮੀਂਹ ਵਰਸਾ' ਨਹੀਂ ਬੋਲਦੇ ਕਿਉਂਕਿ ਉਹ ਜਾਣਦੇ ਹਨ ਕਿ ਜੇਕਰ ਮੀਂਹ ਪੈ ਗਿਆ ਤਾਂ ਉਸਦੇ ਪਿਤਾ ਨੂੰ ਕੰਮ ਨਹੀਂ ਮਿਲਣਾ ਅਤੇ ਜੇਕਰ ਕੰਮ ਨਾ ਮਿਲਿਆ ਤਾਂ ਸ਼ਾਮ ਨੂੰ ਉਹਨਾਂ ਦੇ ਚੁੱਲ•ੇ ਅੱਗ ਨਹੀਂ ਪਵੇਗੀ। ਇਹ ਦਾਸਤਾਨ ਇਕੱਲੇ ਮਜ਼ਦੂਰ ਵਰਗ ਦੀ ਨਹੀਂ। ਅਜਿਹੇ ਹੋਰ ਵੀ ਸੈਂਕੜੇ ਵਿਅਕਤੀ ਹਨ ਜਿੰਨ•ਾਂ ਦੇ ਦਿਨ ਤਿਉਹਾਰ ਢਿੱਡ ਭਰਨ ਦੇ ਫਿਕਰਾਂ ਵਿੱਚ ਗੁੰਮ ਹੋ ਰਹੇ ਹਨ।
ਭਗਤ ਸਿੰਘ ਦੇ ਸੁਪਨਿਆਂ ਦੇ ਪੰਜਾਬ ਵਿੱਚ ਏਸ ਵੇਲੇ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਤੇ ਵੱਡੀ ਗਿਣਤੀ ਵਿੱਚ ਨੌਜਵਾਨ ਇਸ ਦਰਿਆ ਵਿੱਚ ਡੁੱਬ ਕੇ ਚੜ•ਦੀ ਵਰੇਸ ਇਸ ਦੁਨੀਆਂ ਨੂੰ ਅਲਵਿਦਾ ਆਖ ਰਹੇ ਹਨ। ਇੱਕ ਸਰਵੇਖਣ ਅਨੁਸਾਰ ਏਸ ਵੇਲੇ ਪੰਜਾਬ ਦੇ 18 ਤੋਂ 30 ਸਾਲ ਤੱਕ ਦੀ ਉਮਰ ਦੇ 71 ਫੀਸਦੀ ਨੌਜੁਆਨ ਨਸ਼ਿਆਂ 'ਚ ਡੁੱਬ ਚੁੱਕੇ ਹਨ ਅਤੇ ਇਹ ਪ੍ਰਭਾਵ ਸਰਹੱਦੀ ਇਲਾਕਿਆਂ ਵਿੱਚ ਸਭ ਤੋਂ ਵੱਧ ਦੇਖਣ ਨੂੰ ਮਿਲਦਾ ਹੈ। ਸਰਹੱਦੀ ਇਲਾਕਿਆਂ ਦੇ ਨਸ਼ੇੜੀਆਂ ਦੀ ਕੁੱਲ ਗਿਣਤੀ ਵਿੱਚੋਂ 77 ਫੀਸਦੀ ਨੌਜਵਾਨ ਅਜਿਹੇ ਹਨ ਜਿੰਨ•ਾਂ ਨੇ 18 ਸਾਲ ਤੋਂ ਘੱਟ ਦੀ ਉਮਰ ਵਿੱਚ ਹੀ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਨਸ਼ਿਆਂ ਦੀ ਨਾਮੁਰਾਦ ਬਿਮਾਰੀ ਲੜਕੀਆਂ ਵਿੱਚ ਵੀ ਤੇਜੀ ਨਾਲ ਪੈਰ ਪਸਾਰ ਰਹੀ ਹੈ। ਪੰਜਾਬ ਵਿੱਚ 48 ਫੀਸਦੀ ਔਰਤਾਂ ਅਜਿਹੀਆਂ ਹਨ ਜੋ ਨਸ਼ੇ ਦੀਆਂ ਆਦੀ ਹੋ ਚੁੱਕੀਆਂ ਹਨ। ਸ਼ਹਿਰੀ ਖੇਤਰ ਦੀਆਂ 30 ਫੀਸਦੀ ਮੁਟਿਆਰਾਂ 'ਸੂਟੇ' ਲਾਉਣ ਦੀਆਂ ਆਦੀ ਹਨ। ਇਸ ਤੋਂ ਇਲਾਵਾ ਸ਼ਰਾਬ, ਤੰਬਾਕੂ, ਅਫੀਮ, ਚਰਸ ਆਦਿ ਨਸ਼ਿਆਂ ਦੀ ਵਰਤੋਂ ਵੀ ਲੜਕੀਆਂ ਵਧ ਚੜ• ਕੇ ਕਰਦੀਆਂ ਹਨ।
ਸਾਡਾ ਸੂਬਾ ਇਸ ਵੇਲੇ ਇੱਕ ਹੋਰ ਸਮਾਜਿਕ ਸੰਕਟ ਦੇ ਕੰਢੇ ਖੜ•ਾ ਹੈ। ਪੰਜਾਬ ਵਿੱਚ ਲੜਕੇ¸ਲੜਕੀ ਵਿਚਲਾ ਪਾੜਾ ਐਨਾ ਵਧ ਚੁੱਕਾ ਹੈ ਜਿਸਨੂੰ ਆਉਣ ਵਾਲੇ ਕਈ ਸਾਲਾਂ ਦੌਰਾਨ ਨਹੀਂ ਪੂਰਿਆ ਜਾ ਸਕਦਾ। ਪੰਜਾਬ ਵਿੱਚ ਏਸ ਵੇਲੇ 0 ਤੋਂ 6 ਸਾਲ ਦੇ 1000 ਮੁੰਡਿਆਂ ਪਿੱਛੇ ਸਿਰਫ 846 ਲੜਕੀਆਂ ਹਨ। ਸਮਾਜਿਕ ਮਾਹਿਰਾਂ ਅਨੁਸਾਰ ਜੇਕਰ ਇਹ ਪਾੜਾ ਜਲਦੀ ਨਾ ਪੂਰਿਆ ਗਿਆ ਤਾਂ ਆਉਣ ਵਾਲੇ ਕੁੱਝ ਸਾਲਾਂ ਦੌਰਾਨ 50 ਲੱਖ ਦੇ ਕਰੀਬ ਪੰਜਾਬੀ ਮੁੰਡੇ 'ਕੁਆਰੇ' ਰਹਿ ਜਾਣਗੇ।
ਹਰ ਸਰਕਾਰੀ ਖੇਤਰ ਵਿੱਚ ਭ੍ਰਿਸ਼ਟਾਚਾਰ ਨਾਂਅ ਦਾ ਸੱਪ ਫਨ ਫੈਲਾਈ ਬੈਠਾ ਹੈ। ਅੱਜ ਹਰ ਛੋਟੇ ਤੋਂ ਵੱਡੇ ਦਫਤਰ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਕੋਈ ਵੀ ਕੰਮ ਕਰਵਾਉਣ ਲਈ ਰਿਸ਼ਵਤ ਇੱਕ ਜਰੂਰੀ ਅੰਗ ਬਣ ਚੁੱਕੀ ਹੈ। ਦਫਤਰਾਂ ਵਿੱਚ ਕੋਈ ਵੀ ਫਾਈਲ ਉਦੋਂ ਤੱਕ ਇੱਕ ਮੇਜ ਤੋਂ ਦੂਜੇ ਮੇਜ ਤੱਕ ਨਹੀਂ ਸਰਕਦੀ ਜਦੋਂ ਤੱਕ ਤੁਸੀਂ ਇਸ ਥੱਲੇ ਰਿਸ਼ਵਤ ਰੂਪੀ ਟਾਇਰ ਨਹੀਂ ਲਗਾ ਦਿੰਦੇ। ਭ੍ਰਿਸ਼ਟਾਚਾਰ ਸਾਡੇ ਦੇਸ਼ ਦੀ ਤਰੱਕੀ ਦੇ ਰਾਹ ਵਿੱਚ ਇੱਕ ਬਹੁਤ ਵੱਡਾ ਰੋੜਾ ਹੈ। ਅੱਜ ਦੇ ਰਿਸ਼ਵਤਖੋਰ ਯੁੱਗ ਵਿੱਚ ਹੁਨਰ ਲਈ ਕੋਈ ਥਾਂ ਨਹੀਂ ਹੈ। ਜੇਕਰ ਕੋਈ ਹੁਨਰਮੰਦ ਵਿਅਕਤੀ ਰਿਸ਼ਵਤ ਦੇਣ ਤੋਂ ਅਸਮਰੱਥ ਹੈ ਤਾਂ ਉਸਦੀ ਪ੍ਰਤਿਭਾ ਕਿਸੇ ਕੰਮ ਦੀ ਨਹੀਂ।
ਉਪਰੋਕਤ ਸਭ ਕੁਝ ਵਾਪਰਦਾ ਦੇਖ ਕੇ ਭਗਤ ਸਿੰਘ ਸਮੇਤ ਸਾਰੇ ਸ਼ਹੀਦਾਂ ਦੀ ਆਤਮਾ ਲਹੂ ਲੁਹਾਣ ਹੁੰਦੀ ਹੋਵੇਗੀ ਕਿ ਜਿਹੜੇ ਦੇਸ਼ ਵਾਸੀਆਂ ਲਈ ਉਹ ਕੁਰਬਾਨ ਹੋ ਗਏ ਸਨ ਅੱਜ ਉਹਨਾਂ ਦੇਸ਼ਵਾਸੀਆਂ ਨੇ ਉਹਨਾਂ ਦੇ ਆਦਰਸ਼ਾਂ ਨੂੰ ਪੂਰੀ ਤਰ•ਾਂ ਦਿਲੋਂ ਵਿਸਾਰ ਦਿੱਤਾ ਹੈ। ਉਮੀਦ ਹੈ ਕਿ ਭਗਤ ਸਿੰਘ '' ਮੈਂ ਫਿਰ ਆਵਾਂਗਾ'' ਵਾਲਾ ਵਾਅਦਾ ਪੂਰਾ ਕਰ ਕੇ ਹੁਣ ਦੇ ਕਾਲੇ ਅੰਗਰੇਜਾਂ ਕੋਲੋਂ ਬਦਲਾ ਲੈਣ ਜਰੂਰ ਆਵੇਗਾ।

No comments:

Post a Comment